ਚੰਡੀਗੜ੍ਹ, 05 ਸਤੰਬਰ (ਹਿੰ.ਸ.) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਅਹਿਮ ਫੈਸਲੇ ਲਏ ਹਨ। ਮੰਤਰੀ ਮੰਡਲ ਨੇ ਸਿਹਤ ਸੰਭਾਲ ਖੇਤਰ ਵਿੱਚ 138 ਨਵੀਆਂ ਅਸਾਮੀਆਂ ਸਿਰਜਣ ਅਤੇ 80 ਖਾਲੀ ਅਸਾਮੀਆਂ ਭਰਨ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਦੇ ਨਾਲ ਹੀ ਸਬ-ਡਵੀਜ਼ਨਲ ਹਸਪਤਾਲ, ਚਮਕੌਰ ਸਾਹਿਬ ਵਿਖੇ 33 ਅਸਾਮੀਆਂ ਨੂੰ ਸੁਰਜੀਤ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਕੈਬਨਿਟ ਨੇ ਸਬ-ਡਵੀਜ਼ਨਲ ਹਸਪਤਾਲ, ਚਮਕੌਰ ਸਾਹਿਬ ਲਈ 33 ਅਸਾਮੀਆਂ ਨੂੰ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ। ਇਹ ਹਸਪਤਾਲ ਪਹਿਲਾਂ ਕਮਿਊਨਿਟੀ ਹੈਲਥ ਸੈਂਟਰ ਵਜੋਂ ਸੇਵਾਵਾਂ ਦੇ ਰਿਹਾ ਸੀ, ਜਿਸ ਨੂੰ ਬਾਅਦ ਵਿੱਚ ਸਬ-ਡਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕੀਤਾ ਗਿਆ। ਇਨ੍ਹਾਂ ਅਸਾਮੀਆਂ ਵਿੱਚ ਮੈਡੀਸਨ, ਆਰਥੋਪੈਡਿਕਸ, ਐਨੇਸਥੀਸੀਆ, ਪੈਥਾਲੋਜੀ, ਅੱਖਾਂ ਅਤੇ ਰੇਡੀਓਲੋਜੀ ਦੇ ਮੈਡੀਕਲ ਅਫ਼ਸਰਾਂ ਤੋਂ ਇਲਾਵਾ ਜਨਰਲ ਡਿਊਟੀ ਮੈਡੀਕਲ ਅਫ਼ਸਰ, ਨਰਸਿੰਗ ਸਿਸਟਰ, ਸਟਾਫ਼ ਨਰਸ, ਸੀਨੀਅਰ ਸਹਾਇਕ/ਅਕਾਊਂਟੈਂਟ, ਓਟੀਏ, ਡਰਾਈਵਰ ਅਤੇ ਕਲਰਕ ਦੀਆਂ ਅਸਾਮੀਆਂ ਸ਼ਾਮਲ ਹਨ। ਇਸੇ ਤਰ੍ਹਾਂ ਕੈਬਨਿਟ ਨੇ ਸਿਵਲ ਸਰਜਨ ਦਫ਼ਤਰ, ਮਾਲੇਰਕੋਟਲਾ ਲਈ ਵੱਖ-ਵੱਖ ਕੇਡਰਾਂ ਦੀਆਂ 19 ਨਵੀਆਂ ਅਸਾਮੀਆਂ ਸਿਰਜਣ ਨੂੰ ਮਨਜ਼ੂਰੀ ਦਿੱਤੀ ਹੈ। ਸਬ-ਡਵੀਜ਼ਨਲ ਹਸਪਤਾਲ, ਧੂਰੀ ਅਤੇ ਨਵੇਂ ਬਣੇ ਐਮ.ਸੀ.ਐਚ. ਸੈਂਟਰ ਲਈ ਵੀ ਵੱਖ-ਵੱਖ ਕੇਡਰਾਂ ਦੀਆਂ 119 ਨਵੀਆਂ ਅਸਾਮੀਆਂ ਸਿਰਜਣ ਨੂੰ ਹਰੀ ਝੰਡੀ ਦਿੱਤੀ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਅਸਾਮੀਆਂ ਨਾਲ ਧੂਰੀ ਅਤੇ ਆਸ-ਪਾਸ ਦੇ ਲੋਕਾਂ ਨੂੰ ਵਧੇਰੇ ਵਿਆਪਕ ਤੇ ਆਧੁਨਿਕ ਸਿਹਤ ਸਹੂਲਤਾਂ ਮਿਲਣਗੀਆਂ। ਮੰਤਰੀ ਮੰਡਲ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਮੈਡੀਕਲ ਅਫ਼ਸਰ (ਡੈਂਟਲ) ਦੀਆਂ 80 ਖਾਲੀ ਅਸਾਮੀਆਂ ਭਰਨ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚੋਂ 53 ਅਸਾਮੀਆਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਖਾਲੀ ਹਨ, ਜਦਕਿ 27 ਅਸਾਮੀਆਂ ਇੱਕ ਸਾਲ ਤੋਂ ਘੱਟ ਸਮੇਂ ਤੋਂ ਖਾਲੀ ਹਨ। ਸਰਕਾਰ ਮੁਤਾਬਕ ਇਨ੍ਹਾਂ ਭਰਤੀਆਂ ਨਾਲ ਸਿਹਤ ਸੰਸਥਾਵਾਂ ਵਿੱਚ ਮਨੁੱਖੀ ਸਰੋਤਾਂ ਦੀ ਕਮੀ ਦੂਰ ਹੋਵੇਗੀ ਅਤੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ। ਇਸ ਤੋਂ ਇਲਾਵਾ ਕੈਬਨਿਟ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਗਰੁੱਪ ‘ਏ’) ਸੇਵਾ ਨਿਯਮ, 2012 ਵਿੱਚ ਸੋਧ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸ ਸੋਧ ਨਾਲ ਕਮਿਸ਼ਨ ਵਿੱਚ ਨਿੱਜੀ ਸਹਾਇਕ ਤੋਂ ਨਿੱਜੀ ਸਕੱਤਰ ਦੇ ਅਹੁਦੇ ’ਤੇ ਤਰੱਕੀ ਲਈ ਲੋੜੀਂਦੇ ਉਪਬੰਧ ਸ਼ਾਮਲ ਕਰਨ ਦਾ ਰਾਹ ਸਾਫ਼ ਹੋ ਗਿਆ ਹੈ।
ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਲਏ ਅਹਿਮ ਫੈਸਲੇ
ਸਿਹਤ ਸੰਭਾਲ ਖੇਤਰ 'ਚ 138 ਨਵੀਆਂ ਅਸਾਮੀਆਂ ਤੇ 80 ਖਾਲੀ ਅਸਾਮੀਆਂ ਭਰਨ ਨੂੰ ਦਿੱਤੀ ਮਨਜ਼ੂਰੀ
ਚਮਕੌਰ ਸਾਹਿਬ ਤੇ ਧੂਰੀ ਦੇ ਹਸਪਤਾਲਾਂ ਲਈ ਨਵੀਆਂ ਅਸਾਮੀਆਂ, ਮੈਡੀਕਲ ਅਫ਼ਸਰ (ਡੈਂਟਲ) ਦੀਆਂ 80 ਖਾਲੀ ਅਸਾਮੀਆਂ ਭਰੀਆਂ ਜਾਣਗੀਆਂ