ਚੰਡੀਗੜ੍ਹ/ਅੰਮ੍ਰਿਤਸਰ/ਜਲੰਧਰ/ਲੁਧਿਆਣਾ, 10 ਅਗਸਤ: ਆਜ਼ਾਦੀ ਦਿਹਾੜੇ ਦੇ ਜਸ਼ਨਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਸੰਵੇਦਨਸ਼ੀਲ ਇਲਾਕਿਆਂ, ਲੋਕਾਂ ਦੇ ਇਕੱਠ ਵਾਲੀਆਂ ਪ੍ਰਮੁੱਖ ਥਾਵਾਂ, ਪ੍ਰਮੁੱਖ ਸ਼ਹਿਰੀ ਸਥਾਨਾਂ ਅਤੇ ਅਦਾਰਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਹੱਦੀ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਅੰਤਰ-ਜ਼ਿਲ੍ਹਾ ਤਾਲਮੇਲ, ਸਖ਼ਤ ਨਾਕਾਬੰਦੀ ਅਤੇ 24 ਘੰਟੇ ਨਿਗਰਾਨੀ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਡੀਜੀਪੀ ਪੰਜਾਬ ਨੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਕਮਿਸ਼ਨਰੇਟਾਂ ਅਤੇ ਬਾਰਡਰ, ਜਲੰਧਰ ਤੇ ਲੁਧਿਆਣਾ ਪੁਲਿਸ ਰੇਂਜਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਅਮਨ-ਕਾਨੂੰਨ ਦੀ ਸਥਿਤੀ ਦੀ ਸਮੀਖਿਆ ਕੀਤੀ।
ਡੀਜੀਪੀ ਪੰਜਾਬ ਨੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਕਮਿਸ਼ਨਰੇਟਾਂ ਅਤੇ ਬਾਰਡਰ, ਜਲੰਧਰ ਤੇ ਲੁਧਿਆਣਾ ਪੁਲਿਸ ਰੇਂਜਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਅਮਨ-ਕਾਨੂੰਨ ਦੀ ਸਥਿਤੀ ਦੀ ਸਮੀਖਿਆ ਕੀਤੀ। ਡੀਜੀਪੀ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਅਤੇ ਜਲੰਧਰ ਰੇਂਜ, ਜਿਸ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਐਸ.ਬੀ.ਐਸ. ਨਗਰ ਜ਼ਿਲ੍ਹੇ ਸ਼ਾਮਲ ਹਨ, ਦੀਆਂ ਤਿਆਰੀਆਂ ਦਾ ਨਿੱਜੀ ਤੌਰ 'ਤੇ ਮੁਲਾਂਕਣ ਕਰਨ ਲਈ ਜਲੰਧਰ ਦਾ ਦੌਰਾ ਕੀਤਾ। ਫੋਰਸ ਦੀ ਵਚਨਬੱਧਤਾ ਅਤੇ ਪੇਸ਼ੇਵਰਤਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਧੇਰੇ ਅਲਰਟ, ਪਹੁੰਚਯੋਗ ਅਤੇ ਜਨਤਾ ਪ੍ਰਤੀ ਜਵਾਬਦੇਹ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਫੋਰਸ ਦੀ ਪ੍ਰਭਾਵਸ਼ਾਲੀ ਢੰਗ ਨਾਲ ਤਾਇਨਾਤੀ ਦੇ ਨਾਲ-ਨਾਲ ਸਮਾਗਮ ਅਤੇ ਜਨਤਕ ਇਕੱਠ ਵਾਲੇ ਸਥਾਨਾਂ ਨੂੰ ਸੁਰੱਖਿਅਤ ਕਰਨ ਵੱਲ ਵਿਸ਼ੇਸ਼ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ।