ਅੰਮ੍ਰਿਤਸਰ, 07 ਸਤੰਬਰ (ਹਿੰ.ਸ.) : ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ, ਸਤਲਾਣੀ ਸਾਹਿਬ ਵਿਖੇ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ. ਦੀ ਅਗਵਾਈ ਹੇਠ ਚੱਲ ਰਹੇ 10 ਰੋਜ਼ਾ ਕੰਬਾਇਨਡ ਐਨੂਅਲ ਟਰੇਨਿੰਗ ਕੈਂਪ ਦਾ ਅੰਮ੍ਰਿਤਸਰ ਗਰੁੱਪ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਕੁਲਬੀਰ ਸਿੰਘ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ। ਕੈਂਪ ਵਿਖੇ ਪਹੁੰਚਣ ’ਤੇ ਕੈਂਪ ਕਮਾਂਡੈਂਟ ਕਰਨਲ ਜੀ.ਐਸ. ਸਿੰਘ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਨਿਰੀਖਣ ਦੌਰਾਨ ਬ੍ਰਿਗੇਡੀਅਰ ਕੁਲਬੀਰ ਸਿੰਘ ਨੇ ਰਿਪਬਲਿਕ ਡੇ ਪਰੇਡ ਲਈ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਰਹੇ ਐਨ.ਸੀ.ਸੀ. ਕੈਡਿਟਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਦ੍ਰਿੜ੍ਹ ਇਰਾਦੇ, ਅਨੁਸ਼ਾਸਨ, ਜਜ਼ਬੇ ਅਤੇ ਸਖ਼ਤ ਮਿਹਨਤ ਨਾਲ ਕੈਡਿਟ ਰਿਪਬਲਿਕ ਡੇ ਪਰੇਡ ਵਿੱਚ ਭਾਗ ਲੈਣ ਦਾ ਮਾਣ ਹਾਸਲ ਕਰ ਸਕਦੇ ਹਨ। ਉਨ੍ਹਾਂ ਕੈਡਿਟਾਂ ਨੂੰ ਪੂਰੀ ਲਗਨ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਟਾਫ ਨੂੰ ਵੀ ਜ਼ਰੂਰੀ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਕੈਡਿਟਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ। ਇਸ ਤੋਂ ਇਲਾਵਾ ਕੈਡਿਟਾਂ ਦੇ ਲਿਵਿੰਗ ਏਰੀਆ, ਆਫ਼ਿਸਰਜ਼ ਮੈਸ, ਡਾਇਨਿੰਗ ਹਾਲ, ਰਸੋਈ ਅਤੇ ਸਫ਼ਾਈ ਪ੍ਰਬੰਧਾਂ ਦਾ ਨਿਰੀਖਣ ਕੀਤਾ। ਕੈਡਿਟਾਂ ਨਾਲ ਗੱਲਬਾਤ ਕਰਕੇ ਕੈਂਪ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ ਅਤੇ ਸਮੁੱਚੇ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਕੈਂਪ ਕਮਾਂਡੈਂਟ ਕਰਨਲ ਜੀ.ਐਸ. ਸਿੰਘ ਨੇ ਕੈਂਪ ਸਬੰਧੀ ਬਰੀਫਿੰਗ ਰਿਪੋਰਟ ਪੇਸ਼ ਕਰਦਿਆਂ ਸਿਖਲਾਈ ਅਤੇ ਸੱਭਿਆਚਾਰਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਸੂਬੇਦਾਰ ਮੇਜਰ ਲਾਭ ਸਿੰਘ, ਐਨ.ਸੀ.ਸੀ. ਅਫ਼ਸਰ ਸੁਖਪਾਲ ਸਿੰਘ ਸੰਧੂ, ਸੂਬੇਦਾਰ ਬਲਜਿੰਦਰ ਸਿੰਘ, ਨਾਇਬ ਸੂਬੇਦਾਰ ਪ੍ਰਗਟ ਸਿੰਘ, ਬੀ.ਐਚ.ਐਮ. ਮਲਕੀਤ ਸਿੰਘ ਸਮੇਤ ਐਨ.ਸੀ.ਸੀ. ਦਾ ਹੋਰ ਸਟਾਫ ਹਾਜ਼ਰ ਸੀ।