ਫਾਜ਼ਿਲਕਾ, (ਹਿੰ.ਸ.) ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਥਿਆਰ ਭੇਜਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਫਾਜ਼ਿਲਕਾ ਦੇ ਸਰਹੱਦੀ ਪਿੰਡ ਟਾਹਲੀਵਾਲਾ ਨੇੜੇ ਭਾਰਤੀ ਖੇਤਰ ਵਿੱਚ ਇੱਕ ਡਰੋਨ ਮਿਲਿਆ ਹੈ। ਬੀਐਸਐਫ ਅਤੇ ਘੁਬਾਇਆ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਝੋਨੇ ਦੇ ਖੇਤ ਵਿੱਚੋਂ ਡਰੋਨ ਸਮੇਤ ਚੀਨ ’ਚ ਬਣੀ ਪਿਸਤੌਲ, ਦੋ ਮੈਗਜ਼ੀਨ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ। ਬੀਐਸਐਫ ਵੱਲੋਂ ਡਰੋਨ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਚੌਕੀ ਘੁਬਾਇਆ ਦੇ ਇੰਚਾਰਜ ਅਭਿਸ਼ੇਕ ਸ਼ਰਮਾ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰਕੇ ਕਈ ਘੰਟਿਆਂ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਝੋਨੇ ਦੇ ਖੇਤ ਵਿੱਚੋਂ ਡਰੋਨ ਦੇ ਨਾਲ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਪੁਲਿਸ ਮੁਤਾਬਕ ਇਹ ਡਰੋਨ ਕੌਮਾਂਤਰੀ ਤਾਰਬੰਦੀ ਪਾਰ ਕਰਕੇ ਭਾਰਤੀ ਖੇਤਰ ਵਿੱਚ ਕਰੀਬ ਇੱਕ ਕਿਲੋਮੀਟਰ ਅੰਦਰ ਤੱਕ ਆ ਗਿਆ ਸੀ। ਬਰਾਮਦ ਕੀਤੇ ਹਥਿਆਰਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਇਹ ਹਥਿਆਰ ਕਿਸ ਵਿਅਕਤੀ ਜਾਂ ਗਰੁੱਪ ਲਈ ਭੇਜੇ ਗਏ ਸਨ ਅਤੇ ਇਸ ਪਿੱਛੇ ਕਿਹੜਾ ਨੈੱਟਵਰਕ ਸਰਗਰਮ ਹੈ। ਸੁਰੱਖਿਆ ਏਜੰਸੀਆਂ ਵੱਲੋਂ ਸਰਹੱਦੀ ਖੇਤਰ ਵਿੱਚ ਚੌਕਸੀ ਹੋਰ ਵਧਾ ਦਿੱਤੀ ਗਈ ਹੈ।
ਡਰੋਨ ਰਾਹੀਂ ਹਥਿਆਰ ਭੇਜਣ ਦੀ ਸਾਜ਼ਿਸ਼ ਦਾ ਕੀਤਾ ਪਰਦਾਫਾਸ਼
ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਭੇਜਣ ਦੀ ਸਾਜ਼ਿਸ਼ ਬੇਨਕਾਬ, ਫਾਜ਼ਿਲਕਾ ’ਚ ਪਿਸਤੌਲ, ਮੈਗਜ਼ੀਨ ਤੇ ਕਾਰਤੂਸ ਬਰਾਮਦ
ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਫਾਜ਼ਿਲਕਾ ਵਿਖੇ ਪੁਲਿਸ ਨੇ ਕਾਰਵਾਈ ਦੌਰਾਨ ਝੋਨੇ ਦੇ ਖੇਤ 'ਚੋਂ ਡਰੋਨ ਸਮੇਤ ਚੀਨ 'ਚ ਬਣੀ ਪਿਸਤੌਲ, ਦੋ ਮੈਗਜ਼ੀਨ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ।