ਮੋਹਾਲੀ, 17 ਅਗਸਤ : ਜਨਗਣਨਾ 2027 ਦੇ ਦੂਜੇ ਪੜਾਅ ‘‘ਆਬਾਦੀ ਗਿਣਤੀ’’ ਦੀਆਂ ਤਿਆਰੀਆਂ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਡਾ. ਨਵਜੋਤ ਖੋਸਾ ਆਈ. ਏ. ਐੱਸ. ਡਾਇਰੈਕਟਰ ਜਨਗਣਨਾ ਸੰਚਾਲਨ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਵਿੱਚ ਕੋਮਲ ਮਿੱਤਲ ਆਈ. ਏ. ਐੱਸ. ਡਿਪਟੀ ਕਮਿਸ਼ਨਰ ਐੱਸ. ਏ. ਐੱਸ. ਨਗਰ, ਸੰਦੀਪ ਸਿੰਘ ਪੀ. ਸੀ. ਐੱਸ. ਮਿਊਂਸੀਪਲ ਕਮਿਸ਼ਨਰ ਐੱਸ. ਏ. ਐੱਸ. ਨਗਰ, ਏ. ਡੀ. ਸੀਜ਼, ਐੱਸ. ਡੀ. ਐੱਮਜ਼ ਸਮੇਤ ਸਾਰੇ ਸਬੰਧਿਤ ਅਧਿਕਾਰੀ, ਚਾਰਜ ਅਫ਼ਸਰ ਅਤੇ ਜਨਗਣਨਾ ਕਾਰਜ ਨਾਲ ਜੁੜੇ ਹੋਰ ਅਧਿਕਾਰੀ ਹਾਜ਼ਰ ਸਨ। ਡਾਇਰੈਕਟਰ ਜਨਗਣਨਾ ਸੰਚਾਲਨ ਨੇ ਫੇਜ਼-1 ਦੇ ਜਨਗਣਨਾ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਚਾਰਜ ਅਫ਼ਸਰਾਂ ਅਤੇ ਫੀਲਡ ਸਟਾਫ਼ ਵੱਲੋਂ ਕੀਤੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਰੇ ਨਿਰਧਾਰਤ ਕਾਰਜ ਸਮੇਂ ਸਿਰ ਮੁਕੰਮਲ ਕਰਨ ਲਈ ਪ੍ਰਭਾਵਸ਼ਾਲੀ ਯੋਜਨਾਬੰਦੀ ਅਤੇ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਉੱਨਤ ਅਤੇ ਸੁਚੱਜੀ ਯੋਜਨਾਬੰਦੀ ’ਤੇ ਜ਼ੋਰ ਦਿੰਦਿਆਂ ਸਾਰੇ ਹਿੱਸੇਦਾਰ ਵਿਭਾਗਾਂ ਦਰਮਿਆਨ ਪ੍ਰਭਾਵਸ਼ਾਲੀ ਤਾਲਮੇਲ ਨਾਲ ਨਿਰਧਾਰਤ ਸਮੇਂ ਅੰਦਰ ਟੀਚੇ ਹਾਸਲ ਕਰਨ ਲਈ ਕਿਹਾ। ਡਾਇਰੈਕਟਰ ਨੇ ਜ਼ਿਲ੍ਹੇ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਖ਼ਾਸ ਕਰਕੇ ਉੱਚ-ਤਰਜੀਹ ਵਾਲੇ ਚਾਰਜਾਂ ਵਿੱਚ ਹਾਊਸ ਲਿਸਟਿੰਗ ਆਪ੍ਰੇਸ਼ਨ ਦੇ ਕੰਮ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਨਗਣਨਾ ਅਮਲੇ ਵੱਲੋਂ ਕੀਤੀ ਮਿਹਨਤ ਅਤੇ ਪ੍ਰਤੀਬੱਧਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਨਗਣਨਾ ਦੇ ਦੂਜੇ ਪੜਾਅ ਨਾਲ ਸਬੰਧਤ ਸਾਰੇ ਕਾਰਜ ਵੀ ਸਫ਼ਲਤਾਪੂਰਵਕ ਮੁਕੰਮਲ ਕਰੇਗਾ। ਡਾ. ਨਵਜੋਤ ਖੋਸਾ ਨੇ ਪ੍ਰਿੰਸੀਪਲ ਜਨਗਣਨਾ ਅਫ਼ਸਰਾਂ ਅਤੇ ਜਨਗਣਨਾ ਅਫ਼ਸਰਾਂ ਨੂੰ ਦੂਜੇ ਪੜਾਅ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਹਦਾਇਤ ਕੀਤੀ। ਕੋਮਲ ਮਿੱਤਲ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ ਜਨਗਣਨਾ ਨਾਲ ਸਬੰਧਤ ਸਾਰੇ ਕਾਰਜ ਨਿਰਧਾਰਤ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਿਊਂਸੀਪਲ ਕਾਰਪੋਰੇਸ਼ਨ ਜਨਗਣਨਾ ਕਾਰਜ ਨੂੰ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਸਹੀ ਤੇ ਭਰੋਸੇਯੋਗ ਅੰਕੜੇ ਇਕੱਤਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਮੀਟਿੰਗ ਦੌਰਾਨ ਜਨਗਣਨਾ 2027 ਦੇ ਦੂਜੇ ਪੜਾਅ ‘‘ਆਬਾਦੀ ਗਿਣਤੀ’’ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਵਿਸਥਾਰਤ ਰੋਡਮੈਪ ਅਤੇ ਕਾਰਜ ਯੋਜਨਾ ’ਤੇ ਵੀ ਚਰਚਾ ਕੀਤੀ ਗਈ।
ਰੋਡਮੈਪ ਅਤੇ ਕਾਰਜ ਯੋਜਨਾ ਬਾਰੇ ਕੀਤੀ ਚਰਚਾ
ਜਨਗਣਨਾ 2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਬਾਰੇ ਹੋਈ ਮੀਟਿੰਗ
ਕੋਮਲ ਮਿੱਤਲ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿੱਚ ਜਨਗਣਨਾ ਨਾਲ ਸਬੰਧਤ ਸਾਰੇ ਕਾਰਜ ਨਿਰਧਾਰਤ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਕੌਮਲ ਮਿੱਤਲ ਤੇ ਹੋਰ।