ਸਪੀਕਰ ਸੰਧਵਾਂ ਨੇ ਜਾਰੀ ਕੀਤਾ ਬਰੋਸ਼ਰ

100 ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਆਈ.ਆਈ.ਟੀ.-ਜੇ.ਈ.ਈ. ਦੀ ਤਿਆਰੀ

ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ ਸਮਾਜ ਦੀ ਬਿਹਤਰੀ ਲਈ ਇੱਕ ਵੱਡਾ ਕਦਮ

By : True Update, Harmanjot Singh
100 ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਆਈ.ਆਈ.ਟੀ.-ਜੇ.ਈ.ਈ. ਦੀ ਤਿਆਰੀ

ਫਰੀਦਕੋਟ, 14 ਅਗਸਤ (ਹਿੰ.ਸ.) : ਸੰਕਲਪ ਕੋਟਾ ਕਲਾਸ ਫਰੀਦਕੋਟ ਵੱਲੋਂ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਆਈ. ਆਈ. ਟੀ., ਜੇ. ਈ. ਈ. ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ 100 ਬੱਚਿਆਂ ਦੀ ਚੋਣ ਸਬੰਧੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰੋਗਰਾਮ ਦਾ ਬਰੋਸ਼ਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੰਕਲਪ ਕੋਟਾ ਕਲਾਸ ਵੱਲੋਂ 100 ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਰ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ ਸਮਾਜ ਦੀ ਬਿਹਤਰੀ ਲਈ ਇੱਕ ਵੱਡਾ ਕਦਮ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਮੁਕਾਬਲਾ ਕਰਵਾਇਆ ਜਾਵੇਗਾ। ਇਸ ਦੇ ਪਹਿਲੇ ਪੜਾਅ ਦੀ ਆਫਲਾਈਨ ਪ੍ਰੀਖਿਆ 11 ਅਕਤੂਬਰ ਨੂੰ ਹੋਵੇਗੀ, ਜਦਕਿ ਦੂਜੇ ਪੜਾਅ ਦੀ ਪ੍ਰੀਖਿਆ 27 ਦਸੰਬਰ ਨੂੰ ਕਰਵਾਈ ਜਾਵੇਗੀ। ਚੋਣ ਉਪਰੰਤ 100 ਬੱਚਿਆਂ ਨੂੰ ਮੁਫ਼ਤ ਤੌਰ ’ਤੇ ਆਈ. ਆਈ. ਟੀ., ਜੇ. ਈ. ਈ. ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਵੇਗੀ। ਸਪੀਕਰ ਸੰਧਵਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸਹੀ ਦਿਸ਼ਾ ਅਤੇ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਕਲਪ ਕੋਟਾ ਕਲਾਸ ਵੱਲੋਂ ਕੀਤੀ ਗਈ ਇਹ ਸ਼ੁਰੂਆਤ ਨੌਜਵਾਨਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਦਾ ਲਾਭ ਲੈ ਕੇ ਆਪਣੇ ਜੀਵਨ ਵਿੱਚ ਕਾਮਯਾਬੀ ਹਾਸਲ ਕਰਨ।
 

ਮੁੱਖ ਖ਼ਬਰਾਂ

ਸਪੀਕਰ ਸੰਧਵਾਂ ਨੇ ਹਲਕੇ ਦੇ ਬਲਾਕ ਪ੍ਰਧਾਨਾਂ ਨਾਲ ਕੀਤੀ ਮੀਟਿੰਗ

ਸਪੀਕਰ ਸੰਧਵਾਂ ਨੇ ਹਲਕੇ ਦੇ ਬਲਾਕ ਪ੍ਰਧਾਨਾਂ ਨਾਲ ਕੀਤੀ ਮੀਟਿੰਗ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਲਕੇ ਦੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਪਾਰਟੀ ਦੇ ਢਾਂਚੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਅਤੇ ਪਿੰਡਾਂ 'ਚ ਵਿਕਾਸ ਦੇ ਕੰਮਾਂ ਚ ਹੋਰ ਤੇਜ਼ੀ ਲਿਆਉਣ ਬਾਰੇ ਚਰਚਾ ਕੀਤੀ।