ਪੰਜਾਬ 'ਚ ਗਊਧਨ ਦੀ ਸੁਚੱਜੀ ਸੰਭਾਲ ਅਤੇ ਸੁਰੱਖਿਆ

ਪੰਜਾਬ ਦੀਆਂ ਸਰਕਾਰੀ ਗਊਸ਼ਾਲਾਵਾਂ ਨੂੰ ਮਿਲਣਗੇ 61 ਰੁਪਏ ਪ੍ਰਤੀ ਗਊ ਪ੍ਰਤੀ ਦਿਨ: ਕੀਮਤੀ ਭਗਤ

ਪੰਜਾਬ ਸਰਕਾਰ ਨੇ ਗਊਧਨ ਦੀ ਸੁਰੱਖਿਆ ਲਈ ਸਰਕਾਰੀ ਗਊਸ਼ਾਲਾਵਾਂ ਨੂੰ 61 ਰੁਪਏ ਪ੍ਰਤੀ ਦਿਨ ਮੁਹੱਈਆ ਕਰਵਾਏ ਜਾਣਗੇ ਤੇ ਬੇਸਹਾਰਾ, ਅਵਾਰਾ ਅਤੇ ਲਾਵਾਰਿਸ ਗਊਧਨ ਦੀ ਸੁਚੱਜੀ ਸਾਂਭ-ਸੰਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

By : True Update, Harpreet Singh
ਪੰਜਾਬ ਦੀਆਂ ਸਰਕਾਰੀ ਗਊਸ਼ਾਲਾਵਾਂ ਨੂੰ ਮਿਲਣਗੇ 61 ਰੁਪਏ ਪ੍ਰਤੀ ਗਊ ਪ੍ਰਤੀ ਦਿਨ: ਕੀਮਤੀ ਭਗਤ

ਫਾਜ਼ਿਲਕਾ, (ਹਿੰ.ਸ.) ਪੰਜਾਬ ਗਊ ਸੇਵਾ ਕਮਿਸ਼ਨ ਗਊਧਨ ਦੀ ਸੁਚੱਜੀ ਸੰਭਾਲ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਰਜਿਸਟਰਡ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਮੁਆਫ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਸਰਕਾਰੀ ਗਊਸ਼ਾਲਾਵਾਂ ਨੂੰ 61 ਰੁਪਏ ਪ੍ਰਤੀ ਗਊ ਪ੍ਰਤੀ ਦਿਨ ਮੁਹੱਈਆ ਕਰਵਾਏ ਜਾਣਗੇ ਅਤੇ ਸੂਬੇ ਦੀਆਂ ਗਊਸ਼ਾਲਾਵਾਂ ਨੂੰ ਕਾਊ ਲਿਫਟਰ ਵੀ ਮੁਹੱਈਆ ਕਰਵਾਏ ਜਾਣਗੇ। ਇਹ ਜਾਣਕਾਰੀ ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਫਾਜ਼ਿਲਕਾ ਵਿਖੇ ਦਿੱਤੀ। ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਪ੍ਰਸ਼ਾਸਨਿਕ ਤੇ ਵਿਭਾਗੀ ਅਧਿਕਾਰੀਆਂ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮੀਟਿੰਗ ਦੌਰਾਨ ਕੀਮਤੀ ਭਗਤ ਨੇ ਗਊਸ਼ਾਲਾ ਪ੍ਰਬੰਧਕਾਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਤੇ ਸੁਝਾਅ ਸੁਣੇ। ਉਨ੍ਹਾਂ ਭਰੋਸਾ ਦਿੱਤਾ ਕਿ ਗਊਧਨ ਦੀ ਭਲਾਈ ਨਾਲ ਸਬੰਧਤ ਹਰੇਕ ਜਾਇਜ਼ ਮਸਲੇ ਦਾ ਤਰਜੀਹੀ ਆਧਾਰ ’ਤੇ ਹੱਲ ਕੀਤਾ ਜਾਵੇਗਾ। ਕੀਮਤੀ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਬੇਸਹਾਰਾ, ਅਵਾਰਾ ਅਤੇ ਲਾਵਾਰਿਸ ਗਊਧਨ ਦੀ ਸੁਚੱਜੀ ਸਾਂਭ-ਸੰਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਰਕਾਰ ਵੱਲੋਂ ਗਊਧਨ ਦੀ ਸੰਭਾਲ ਲਈ ਠੋਸ ਅਤੇ ਸਮੇਂਬੱਧ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਜਨਤਕ ਥਾਵਾਂ ’ਤੇ ਘੁੰਮ ਰਹੇ ਗਊਧਨ ਨੂੰ ਜਲਦ ਗਊਸ਼ਾਲਾਵਾਂ ਵਿੱਚ ਭੇਜਣ ਦੀ ਮੁਹਿੰਮ ਤੇਜ਼ ਕੀਤੀ ਜਾਵੇਗੀ। ਇਸ ਨਾਲ ਗਊਧਨ ਦੀ ਸੁਰੱਖਿਆ ਦੇ ਨਾਲ-ਨਾਲ ਸੜਕ ਹਾਦਸਿਆਂ, ਟਰੈਫਿਕ ਸਮੱਸਿਆਵਾਂ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਵਿੱਚ ਵੀ ਕਮੀ ਆਵੇਗੀ। ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਗਊਸ਼ਾਲਾਵਾਂ ਦੇ ਨਿਯਮਤ ਦੌਰੇ ਕਰਨ ਅਤੇ ਗਊਧਨ ਦੇ ਟੀਕਾਕਰਨ, ਮੈਡੀਕਲ ਕੈਂਪਾਂ ਅਤੇ ਪੂਰੇ ਰਿਕਾਰਡ ਦੀ ਸਾਂਭ-ਸੰਭਾਲ ਯਕੀਨੀ ਬਣਾਉਣ ਲਈ ਕਿਹਾ। ਮੀਟਿੰਗ ਤੋਂ ਬਾਅਦ ਕੀਮਤੀ ਭਗਤ ਨੇ ਸਰਕਾਰੀ ਕੈਟਲ ਪਾਊਂਡ ਫਾਜ਼ਿਲਕਾ ਦਾ ਦੌਰਾ ਕੀਤਾ। ਉਨ੍ਹਾਂ ਗਊਧਨ ਲਈ ਹਰੇ ਚਾਰੇ, ਸੁੱਕੇ ਚਾਰੇ, ਹੋਰ ਖੁਰਾਕ ਅਤੇ ਰੱਖ-ਰਖਾਅ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਅਤੇ ਗਊਸ਼ਾਲਾ ਪ੍ਰਬੰਧਕਾਂ ਨੂੰ ਸਰਕਾਰੀ ਗਊਸ਼ਾਲਾ ਵਿੱਚ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।