95 ਸਾਲਾ ਮਾਤਾ ਭਾਗਾ ਬਾਈ ਦੀ ਯੋਗਾ ਪ੍ਰਤੀ ਲਗਨ

ਸੀ.ਐੱਮ. ਦੀ ਯੋਗਸ਼ਾਲਾ ਤਹਿਤ ਫਾਜ਼ਿਲਕਾ ’ਚ ਹਜ਼ਾਰਾਂ ਲੋਕ ਰੋਜ਼ਾਨਾ ਕਰ ਰਹੇ ਯੋਗਾ

ਜ਼ਿਲ੍ਹੇ 'ਚ 110 ਯੋਗਾ ਟਰੇਨਰਾਂ ਵੱਲੋਂ 575 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ

By : True Update, Harpreet Singh
ਸੀ.ਐੱਮ. ਦੀ ਯੋਗਸ਼ਾਲਾ ਤਹਿਤ ਫਾਜ਼ਿਲਕਾ ’ਚ ਹਜ਼ਾਰਾਂ ਲੋਕ ਰੋਜ਼ਾਨਾ ਕਰ ਰਹੇ ਯੋਗਾ

ਫਾਜ਼ਿਲਕਾ, 04 ਸਤੰਬਰ (ਹਿੰ.ਸ.) : ਪੰਜਾਬ ਸਰਕਾਰ ਵੱਲੋਂ ਨਿਰੋਗ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਉਦੇਸ਼ ਨਾਲ ਚਲਾਈ ਜਾ ਰਹੀ ਸੀ.ਐੱਮ. ਦੀ ਯੋਗਸ਼ਾਲਾ ਮੁਹਿੰਮ ਨੂੰ ਫਾਜ਼ਿਲਕਾ ਜ਼ਿਲ੍ਹੇ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਹਜ਼ਾਰਾਂ ਨੌਜਵਾਨ ਅਤੇ ਬਜ਼ੁਰਗ ਰੋਜ਼ਾਨਾ ਮੁਫ਼ਤ ਯੋਗਾ ਕਲਾਸਾਂ ਦਾ ਲਾਭ ਲੈ ਰਹੇ ਹਨ। ਫਾਜ਼ਿਲਕਾ ਯੋਗਾ ਕੋਆਰਡੀਨੇਟਰ ਰਾਧੇ ਸ਼ਾਮ ਨੇ ਦੱਸਿਆ ਕਿ ਅਬੋਹਰ ਦੀ ਢਾਣੀ ਕਰਨੈਲ ਸਿੰਘ ਦੀ 95 ਸਾਲਾ ਮਾਤਾ ਭਾਗਾ ਬਾਈ ਰੋਜ਼ਾਨਾ ਯੋਗਾ ਕਲਾਸ ਵਿੱਚ ਪਹੁੰਚ ਰਹੇ ਹਨ। ਯੋਗਾ ਪ੍ਰਤੀ ਉਨ੍ਹਾਂ ਦੀ ਨਿਯਮਿਤ ਲਗਨ ਨੌਜਵਾਨਾਂ ਅਤੇ ਬਜ਼ੁਰਗਾਂ ਲਈ ਪ੍ਰੇਰਣਾ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਵਿੱਚ ਨਿਯਮਿਤ ਤੌਰ ’ਤੇ ਸ਼ਾਮਲ ਹੋਣ ਵਾਲੇ ਲੋਕਾਂ ਨੇ ਸਿਹਤ ਵਿੱਚ ਸੁਧਾਰ ਦੇ ਅਨੁਭਵ ਵੀ ਸਾਂਝੇ ਕੀਤੇ ਹਨ। ਰਿੰਪਲ ਅਤੇ ਨੀਤੂ ਬਾਲਾ ਨੇ ਸਰਵਾਈਕਲ ਦੀ ਸਮੱਸਿਆ ਵਿੱਚ ਰਾਹਤ ਮਿਲਣ ਦੀ ਗੱਲ ਦੱਸੀ, ਜਦਕਿ ਬਿਮਲਾ ਰਾਣੀ ਨੇ ਹਾਈ ਬਲੱਡ ਪ੍ਰੈਸ਼ਰ ਅਤੇ ਸਵਰਨਾ ਰਾਣੀ ਨੇ ਪਿਸ਼ਾਬ ਨਾਲ ਸਬੰਧਤ ਸਮੱਸਿਆ ਵਿੱਚ ਲਾਭ ਹੋਣ ਦਾ ਅਨੁਭਵ ਸਾਂਝਾ ਕੀਤਾ। ਰਾਧੇ ਸ਼ਾਮ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 110 ਯੋਗਾ ਟਰੇਨਰਾਂ ਵੱਲੋਂ 575 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ ਕਰੀਬ 23 ਹਜ਼ਾਰ ਮੈਂਬਰ ਇਨ੍ਹਾਂ ਕਲਾਸਾਂ ਨਾਲ ਰਜਿਸਟਰਡ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਯੋਗਾ ਨਾਲ ਲੋਕਾਂ ਦੀ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸਿਹਤ ਪ੍ਰਤੀ ਵੀ ਜਾਗਰੂਕਤਾ ਵਧ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਯੋਗਾ ਨੂੰ ਸ਼ਾਮਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਪਿੰਡ ਜਾਂ ਮੁਹੱਲੇ ਵਿੱਚ ਘੱਟੋ-ਘੱਟ 25 ਵਿਅਕਤੀ ਯੋਗਾ ਕਲਾਸ ਸ਼ੁਰੂ ਕਰਵਾਉਣ ਦੇ ਇੱਛੁਕ ਹੋਣ ਤਾਂ ਪੰਜਾਬ ਸਰਕਾਰ ਵੱਲੋਂ ਉੱਥੇ ਮੁਫ਼ਤ ਯੋਗਾ ਟਰੇਨਰ ਦੀ ਵਿਵਸਥਾ ਕੀਤੀ ਜਾਵੇਗੀ।