ਖੰਨਾ, 21 ਅਗਸਤ (ਸੁਖਵਿੰਦਰ ਕੌਰ) : ਦੁਆਬੇ ਦੇ ਨਾਮਵਰ ਸਮਾਜ ਸੇਵੀ ਰਹੇ ਸਵ. ਬਾਬਾ ਬੁੱਧ ਸਿੰਘ ਢਾਹਾਂ ਦੇ ਫਰਜੰਦ ਬਰਜਿੰਦਰ ਸਿੰਘ ਬਰਜ਼ ਢਾਹਾਂ ਵਲੋਂ ਪੰਜਾਬੀ ਮਾਂ ਬੋਲੀ ਤੇ ਸਾਹਿਤ ਨੂੰ ਸਮਰਪਿਤ ਬਣਾਈ ਗਈ ਸੰਸਥਾ ਕੈਨੇਡਾ. ਇੰਡੀਆ ਐਜੂਕੇਸ਼ਨ ਸੁਸਾਇਟੀ ਵਲੋਂ ਪੰਜਾਬੀ ਸਾਹਿਤ ਲਈ ਵਿਸ਼ਵ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਵਾਲੇ ''ਢਾਹਾਂ ਸਾਹਿਤ ਇਨਾਮ 2026'' ਦੀ ਆਖਰੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਕਰਵਾਏ ਸਮਾਗਮ ਮੌਕੇ ਜਿਊਰੀ ਵਲੋਂ ਆਖਰੀ ਸੂਚੀ ''ਚ ਲੇਖਕਾਂ ਦੀ ਕੀਤੀ ਚੋਣ ’ਚ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਏ.ਐਸ. ਕਾਲਜ ਵਿਖੇ ਅਸਿਸਟੈਂਟ ਪ੍ਰੋਫੈਸਰ,ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਤੇ ਉੱਘੀ ਕਹਾਣੀਕਾਰ ਰਾਜਪ੍ਰੀਤ ਕੌਰ ਬੈਨੀਪਾਲ ਦੀ ਮਿੰਨੀ ਕਹਾਣੀਆਂ ਦੀ ਕਿਤਾਬ ''ਕਬਰਾਂ ਵਿਚ ਉੱਗੇ ਫੁੱਲ'' ਗੁਰਮੁਖੀ ''ਚ ਅਤੇ ਪਾਕਿਸਤਾਨ ਦੇ ਸ਼ਹਿਰ ਸਰਗੋਧਾ ਦੀ ਜੰਮਪਲ ਨਾਮਵਰ ਲੇਖਿਕਾ ਅੰਬਰ ਹੁਸੈਨੀ ਦੇ ਸ਼ਾਹਮੁਖੀ ਨਾਵਲ ''ਨਵਾਂ ਪਿੰਡ'' ਅਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਪ੍ਰਸਿੱਧ ਨਾਵਲਕਾਰ ਅਕਮਲ ਸਹਿਜਾਦ ਘੁੰਮਣ ਦੇ ਸ਼ਾਹਮੁਖੀ ਨਾਵਲ ''ਪਰਛਾਵਾਂ ਨੂੰ ਚੁਣਿਆ। ਇਹ ਪੁਰਸਕਾਰ ਸ਼ਾਨਦਾਰ ਪੰਜਾਬੀ ਨਾਵਲਾਂ ਅਤੇ ਕਹਾਣੀ ਸੰਗ੍ਰਹਿਆਂ ਨੂੰ ਸਨਮਾਨਿਤ ਕਰਦਾ ਹੈ।
ਖੰਨਾ ਦੀ ਰਾਜਪ੍ਰੀਤ ਕੌਰ ਬੈਨੀਪਾਲ ਨੇ ਦੱਸਿਆ ਕਿ ਇਸ ਕਹਾਣੀ ਸੰਗ੍ਰਹਿ ਵਿੱਚ 9 ਕਹਾਣੀਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਵਿਸ਼ਿਆਂ ਨੂੰ ਉਭਾਰਿਆ ਗਿਆ ਹੈ। ਇਨ੍ਹਾਂ ਵਿੱਚ ਕਿਸ਼ੋਰਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਸ਼ਾਮਲ ਹਨ। ਇੱਕ ਕਹਾਣੀ ਵਿਚ ਸੱਤ ਸਾਲਾ ਬੱਚੀ ਅਤੇ ਉਸ ਦੀ ਮਾਂ ਦੀ ਦਰਦਨਾਕ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਕਿਤਾਬ ‘ਖੰਮਣੀਆਂ ਵਾਲਾ ਪਿੱਪਲ’ ਸਾਲ 2007 ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਅੰਤਰਰਾਸ਼ਟਰੀ ਪ੍ਰਾਪਤੀ ਨਾਲ ਖੰਨਾ ਦੇ ਸਾਹਿਤਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਹੈ। ਰਾਜਪ੍ਰੀਤ ਕੌਰ ਦੀ ਚੋਣ ਨੇ ਉਨ੍ਹਾਂ ਨੂੰ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਿਪੀਆਂ ਵਿੱਚ ਲਿਖਣ ਵਾਲੇ ਪੰਜਾਬੀ ਲੇਖਕਾਂ ਦੇ ਅੰਤਰਰਾਸ਼ਟਰੀ ਮੰਚ ’ਤੇ ਲਿਆ ਖੜ੍ਹਾ ਕੀਤਾ ਹੈ। ਇਸ ਪੁਰਸਕਾਰ ਲਈ ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਇੰਗਲੈਂਡ ਦੇ 58 ਲੇਖਕਾਂ ਦੀਆਂ ਕਿਤਾਬਾਂ ਆਈਆਂ ਸਨ। ‘ਢਾਹਾਂ ਸਾਹਿਤ ਇਨਾਮ 2026’ ਦੇ ਲਈ ਇਨਾਮ ਵੰਡ ਸਮਾਗਮ 18 ਨਵੰਬਰ ਨੂੰ ਹੋਵੇਗਾ ਤੇ ਉਸੇ ਦਿਨ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। ਜੇਤੂ ਕਿਤਾਬ ਦੇ ਲੇਖਕ ਨੂੰ 25 ਹਜ਼ਾਰ ਡਾਲਰ ਜਦਕਿ ਬਾਕੀ ਦੋਵੇਂ ਲੇਖਕਾਂ ਨੂੰ 10-10 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ।