ਨਵੀਂ ਦਿੱਲੀ, 11 ਅਗਸਤ (ਹਿੰ.ਸ.) : ਸਾਵਣ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ-ਐੱਨ. ਸੀ. ਆਰ. ਵਿੱਚ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬੂੰਦਾਬਾਂਦੀ ਅਤੇ ਦਰਮਿਆਨੀ ਬਾਰਿਸ਼ ਨੇ ਲੋਕਾਂ ਨੂੰ ਉਮਸ ਵਾਲੀ ਗਰਮੀ ਤੋਂ ਰਾਹਤ ਦਿੱਤੀ ਪਰ ਦੂਜੇ ਪਾਸੇ ਆਮ ਲੋਕਾਂ ਦੀਆਂ ਮੁਸ਼ਕਲਾਂ ’ਚ ਵਾਧਾ ਹੋਇਆ। ਅੱਜ ਸਵੇਰ ਤੋਂ ਜਾਰੀ ਹਲਕੀ ਬਾਰਿਸ਼ ਵਿਚਕਾਰ ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹੇਗੀ। ਆਈ. ਐੱਮ. ਡੀ. ਅਨੁਸਾਰ ਰਾਜਧਾਨੀ ’ਚ ਬੱਦਲਾਂ ਦੀ ਲਗਾਤਾਰ ਗਤੀ ਅਤੇ ਰੁਕ-ਰੁਕ ਕੇ ਬਾਰਿਸ਼ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਾਜਧਾਨੀ ਅਤੇ ਆਲੇ-ਦੁਆਲੇ ਦੇ ਕਈ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ। ਆਈ. ਟੀ. ਓ., ਧੌਲਾ ਕੁਆਂ, ਆਸ਼ਰਮ, ਗੁੜਗਾਓਂ-ਦਿੱਲੀ ਐਕਸਪ੍ਰੈਸ ਵੇਅ ਅਤੇ ਗਾਜ਼ੀਆਬਾਦ ਨੂੰ ਜੋੜਨ ਵਾਲੀਆਂ ਪ੍ਰਮੁੱਖ ਸੜਕਾਂ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨਜ਼ਰ ਆਈਆਂ।