ਵੀਰੇਸ਼ ਸ਼ਾਂਡਿਲਯ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਜਦੋਂ ਤੱਕ ਹਮਲਾਵਰ ਪੁਲਿਸ ਮੁਲਾਜ਼ਮਾਂ ਤੋਂ ਮੁਆਫ਼ੀ ਨਹੀਂ ਮੰਗਦੇ, ਕੇਸ ਵਾਪਸ ਨਾ ਲਏ ਸਰਕਾਰ: ਵੀਰੇਸ਼ ਸ਼ਾਂਡਿਲਯ

ਜੇਕਰ ਸਰਕਾਰ ਵੱਲੋਂ ਬਿਨਾਂ ਮੁਆਫ਼ੀ ਦੇ ਕੇਸ ਵਾਪਸ ਲਏ ਗਏ ਤਾਂ ਉਹ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਨਗੇ

By : True Update, Kamaljeet Singh Kamal
ਜਦੋਂ ਤੱਕ ਹਮਲਾਵਰ ਪੁਲਿਸ ਮੁਲਾਜ਼ਮਾਂ ਤੋਂ ਮੁਆਫ਼ੀ ਨਹੀਂ ਮੰਗਦੇ, ਕੇਸ ਵਾਪਸ ਨਾ ਲਏ ਸਰਕਾਰ: ਵੀਰੇਸ਼ ਸ਼ਾਂਡਿਲਯ

ਅੰਬਾਲਾ: 20 ਅਗਸਤ (ਟਰੂ ਅੱਪਡੇਟ) : ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਵੀਰੇਸ਼ ਸ਼ਾਂਡਿਲਯ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 13 ਅਗਸਤ ਨੂੰ ਅੰਬਾਲਾ ਪੁਲਿਸ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਦਰਜ ਕੇਸ ਕਿਸੇ ਵੀ ਦਬਾਅ ਹੇਠ ਵਾਪਸ ਨਾ ਲਏ ਜਾਣ। ਸ਼ਾਂਡਿਲਯ ਨੇ ਕਿਹਾ ਕਿ ਜਦੋਂ ਤੱਕ ਹਮਲੇ ਵਿੱਚ ਜ਼ਖ਼ਮੀ ਹੋਏ ਡੀਐਸਪੀ ਵੀਰੇਂਦਰ ਸ਼ਰਮਾ ਅਤੇ ਹੋਰ ਪੁਲਿਸ ਮੁਲਾਜ਼ਮਾਂ ਤੋਂ ਹਮਲਾਵਰ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਬਲਦੇਵ ਨਗਰ ਅਤੇ ਪੰਜੋਖਰਾ ਥਾਣਿਆਂ ਵਿੱਚ ਦਰਜ ਮਾਮਲੇ ਵਾਪਸ ਨਹੀਂ ਲਏ ਜਾਣੇ ਚਾਹੀਦੇ। ਉਨ੍ਹਾਂ ਕਿਹਾ ਕਿ ਪੁਲਿਸ ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਦਿਨ-ਰਾਤ ਡਿਊਟੀ ਨਿਭਾ ਰਹੀ ਹੈ। ਇਸ ਲਈ ਪੁਲਿਸ ਦਾ ਮਨੋਬਲ ਮਜ਼ਬੂਤ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇਕਰ ਪੁਲਿਸ ਦਾ ਮਨੋਬਲ ਡਿੱਗਿਆ ਤਾਂ ਸੂਬੇ ਦੀ ਕਾਨੂੰਨ-ਵਿਵਸਥਾ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਭਾਰਤ ਵਿੱਚ ਕੋਈ ਵੀ ਵਿਅਕਤੀ ਜਾਂ ਧਰਮ ਸੰਵਿਧਾਨ ਤੋਂ ਉੱਪਰ ਨਹੀਂ ਹੈ ਅਤੇ ਪੁਲਿਸ 'ਤੇ ਹਮਲਾ ਸੰਵਿਧਾਨ 'ਤੇ ਹਮਲਾ ਹੈ। ਉਨ੍ਹਾਂ ਨੇ ਜ਼ਖ਼ਮੀ ਡੀਐਸਪੀ ਵੀਰੇਂਦਰ ਸ਼ਰਮਾ ਨੂੰ ਏਐਸਪੀ ਵਜੋਂ ਤਰੱਕੀ ਦੇਣ ਅਤੇ ਹੋਰ ਜ਼ਖ਼ਮੀ ਪੁਲਿਸ ਅਧਿਕਾਰੀਆਂ ਨੂੰ ਵੀ ਵਿਭਾਗੀ ਤਰੱਕੀ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਸ਼ਾਮਲ ਕੁਝ ਲੋਕ ਪੰਜਾਬ ਤੋਂ ਆਏ ਸਨ ਅਤੇ ਉਹ ਧਾਰਮਿਕ ਆਗੂ ਦੇ ਸਮਰਥਕ ਸਨ ਜੋ ਅੰਬਾਲਾ ਦੀ ਸ਼ਾਂਤੀ ਭੰਗ ਕਰਨ ਲਈ ਹਰਿਆਣੇ ਆਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਵੱਲੋਂ ਬਿਨਾਂ ਮੁਆਫ਼ੀ ਦੇ ਕੇਸ ਵਾਪਸ ਲਏ ਗਏ ਤਾਂ ਉਹ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਨਗੇ