ਚੋਰੀ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

ਮੋਹਾਲੀ ਪੁਲਿਸ ਨੇ ਵਾਹਨ ਚੋਰੀ ਗਿਰੋਹ ਦਾ ਕੀਤਾ ਪਰਦਾਫਾਸ਼, 10 ਚੋਰੀਸ਼ੁਦਾ ਵਾਹਨਾਂ ਸਮੇਤ ਦੋ ਕਾਬੂ

ਮੋਹਾਲੀ ਪੁਲਿਸ ਨੇ ਵਾਹਨ ਚੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਦੋ ਅਲਟੋ ਕਾਰਾਂ ਅਤੇ ਅੱਠ ਮੋਟਰਸਾਈਕਲਾਂ ਸਮੇਤ ਕੁੱਲ 10 ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਹਨ।

By : True Update, Harmanjot Singh

ਮੋਹਾਲੀ ਪੁਲਿਸ ਨੇ ਵਾਹਨ ਚੋਰੀ ਗਿਰੋਹ ਦਾ ਕੀਤਾ ਪਰਦਾਫਾਸ਼, 10 ਚੋਰੀਸ਼ੁਦਾ ਵਾਹਨਾਂ ਸਮੇਤ ਦੋ ਕਾਬੂ

ਮੋਹਾਲੀ, (ਹਿੰ.ਸ.) ਮੋਹਾਲੀ ਪੁਲਿਸ ਨੇ ਵਾਹਨ ਚੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਅਲਟੋ ਕਾਰਾਂ ਅਤੇ ਅੱਠ ਮੋਟਰਸਾਈਕਲਾਂ ਸਮੇਤ ਕੁੱਲ 10 ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਹਨ। ਇਨ੍ਹਾਂ ਵਾਹਨਾਂ ਦੀ ਬਰਾਮਦਗੀ ਨਾਲ ਚੰਡੀਗੜ੍ਹ, ਮੋਹਾਲੀ ਅਤੇ ਰੂਪਨਗਰ (ਰੋਪੜ) ਜ਼ਿਲ੍ਹਿਆਂ ਵਿੱਚ ਦਰਜ ਵਾਹਨ ਚੋਰੀ ਦੇ ਕਈ ਮਾਮਲਿਆਂ ਦਾ ਭੇਤ ਖੁੱਲ੍ਹਿਆ ਹੈ। ਪੁਲਿਸ ਮੁਤਾਬਕ ਇਹ ਕਾਰਵਾਈ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਦੇ ਨਿਰਦੇਸ਼ਾਂ 'ਤੇ ਕੀਤੀ ਗਈ। ਇਸ ਦੀ ਨਿਗਰਾਨੀ ਐੱਸਪੀ ਇਨਵੈਸਟੀਗੇਸ਼ਨ ਸੌਰਵ ਜਿੰਦਲ, ਐੱਸਪੀ ਆਪਰੇਸ਼ਨ ਤਲਵਿੰਦਰ ਸਿੰਘ ਅਤੇ ਡੀਐੱਸਪੀ ਇਨਵੈਸਟੀਗੇਸ਼ਨ ਰਾਜਨ ਪਰਮਿੰਦਰ ਸਿੰਘ ਨੇ ਕੀਤੀ, ਜਦਕਿ ਸੀਆਈਏ ਸਟਾਫ਼ ਦੇ ਇੰਚਾਰਜ ਹਰਮਿੰਦਰ ਸਿੰਘ ਦੀ ਟੀਮ ਨੇ ਕਾਰਵਾਈ ਨੂੰ ਅੰਜਾਮ ਦਿੱਤਾ। ਪੁਲਿਸ ਨੂੰ 1 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਅਜੀਤ ਸਿੰਘ (29), ਵਾਸੀ ਅੰਸਲ ਏਪੀਆਈ ਸੈਕਟਰ-114, ਖਰੜ, ਜੋ ਇਸ ਸਮੇਂ ਸੈਕਟਰ-116 ਵਿੱਚ ਕਿਰਾਏ 'ਤੇ ਰਹਿ ਰਿਹਾ ਹੈ, ਵਾਹਨ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹੈ। ਸੂਚਨਾ ਦੇ ਆਧਾਰ 'ਤੇ ਥਾਣਾ ਬਲੌਂਗੀ ਵਿੱਚ ਕੇਸ ਦਰਜ ਕਰਕੇ ਅਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ 'ਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਉਰਫ਼ ਕਰਨ (28), ਵਾਸੀ ਛੱਜੂ ਮਾਜਰਾ ਕਾਲੋਨੀ, ਖਰੜ ਅਤੇ ਮੌਜੂਦਾ ਵਾਸੀ ਪਿੰਡ ਭੂਪ ਨਗਰ, ਨੂੰ ਵੀ ਕਾਬੂ ਕਰ ਲਿਆ ਗਿਆ। ਪੁਲਿਸ ਅਨੁਸਾਰ ਜਸਪ੍ਰੀਤ ਚੋਰੀਸ਼ੁਦਾ ਵਾਹਨਾਂ ਨੂੰ ਆਮ ਲੋਕਾਂ ਨੂੰ ਧੋਖੇ ਨਾਲ ਵੇਚਣ ਦਾ ਕੰਮ ਕਰਦਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਵਾਹਨ ਚੋਰੀ ਦੇ ਸੱਤ ਮਾਮਲੇ ਦਰਜ ਹਨ, ਜਦਕਿ ਜਸਪ੍ਰੀਤ ਸਿੰਘ ਖ਼ਿਲਾਫ਼ ਚਾਰ ਹੋਰ ਕੇਸ ਦਰਜ ਹਨ। ਬਰਾਮਦ ਵਾਹਨਾਂ ਵਿੱਚ ਦੋ ਅਲਟੋ ਕਾਰਾਂ, ਇੱਕ ਬੁਲੇਟ ਮੋਟਰਸਾਈਕਲ, ਇੱਕ ਅਪਾਚੇ ਮੋਟਰਸਾਈਕਲ ਅਤੇ ਪੰਜ ਸਪਲੈਂਡਰ ਮੋਟਰਸਾਈਕਲ ਸ਼ਾਮਲ ਹਨ।