ਖਰੜ, 3 ਸਤੰਬਰ (ਟਰੂ ਅੱਪਡੇਟ) : ਤਕਨੀਕੀ ਸਿੱਖਿਆ ਨੂੰ ਆਧੁਨਿਕ ਬਣਾਉਣ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੰਜ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਇਨੋਵੇਸ਼ਨ ਲੈਬਜ਼ ਸਥਾਪਤ ਕੀਤੀਆਂ ਗਈਆਂ ਹਨ। ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀ ਮਾਜਰਾ, ਖਰੜ ਵਿਖੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦੀ ਹਾਜ਼ਰੀ ਵਿੱਚ ਇਨ੍ਹਾਂ ਲੈਬਜ਼ ਦਾ ਰਾਜ ਪੱਧਰੀ ਉਦਘਾਟਨ ਕੀਤਾ। ਇਹ ਪਹਿਲਕਦਮੀ ‘ਪੰਜਾਬ ਸਿੱਖਿਆ ਕ੍ਰਾਂਤੀ’ ਦਾ ਹਿੱਸਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਵਿਭਾ ਇੰਡੀਆ ਤੇ ਮੇਕਰ ਭਵਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ। 1.5 ਕਰੋੜ ਰੁਪਏ ਦੀ ਲਾਗਤ ਨਾਲ ਖੂਨੀ ਮਾਜਰਾ, ਬਠਿੰਡਾ, ਫਿਰੋਜ਼ਪੁਰ, ਬਡਬਰ ਅਤੇ ਤਲਵਾੜਾ ਦੇ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਇਹ ਲੈਬਜ਼ ਸਥਾਪਤ ਕੀਤੀਆਂ ਗਈਆਂ ਹਨ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਲੈਬਜ਼ ਆਧੁਨਿਕ ‘ਮੇਕਰ ਸਪੇਸ’ ਵਜੋਂ ਕੰਮ ਕਰਨਗੀਆਂ, ਜਿੱਥੇ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਅਤੇ ਮਸ਼ੀਨਾਂ ਨਾਲ ਪ੍ਰਯੋਗ ਕਰਨ, ਪ੍ਰੋਟੋਟਾਈਪ ਤਿਆਰ ਕਰਨ ਅਤੇ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੇ ਮੌਕੇ ਮਿਲਣਗੇ। ਇਸ ਨਾਲ ਰਚਨਾਤਮਕ ਸੋਚ, ਸਮੱਸਿਆ ਹੱਲ ਕਰਨ ਦੀ ਸਮਰੱਥਾ, ਸਹਿਯੋਗ ਅਤੇ ਵਿਹਾਰਕ ਤਕਨੀਕੀ ਹੁਨਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਪੌਲੀਟੈਕਨਿਕ ਕਾਲਜਾਂ ਦੇ ਵਿਦਿਆਰਥੀ ਪੰਜਾਬ ਦੀ ਭਵਿੱਖੀ ਤਕਨੀਕੀ ਵਰਕਫੋਰਸ ਹਨ। ਸਰਕਾਰ ਦਾ ਉਦੇਸ਼ ਤਕਨੀਕੀ ਸੰਸਥਾਵਾਂ ਨੂੰ ਸਿਰਫ਼ ਕਲਾਸਰੂਮ-ਅਧਾਰਤ ਸਿੱਖਿਆ ਤੱਕ ਸੀਮਤ ਨਾ ਰੱਖ ਕੇ ਉਨ੍ਹਾਂ ਨੂੰ ਨਵੀਨਤਾ, ਉੱਦਮਤਾ ਅਤੇ ਵਿਹਾਰਕ ਸਿੱਖਿਆ ਦੇ ਕੇਂਦਰਾਂ ਵਜੋਂ ਵਿਕਸਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨੋਵੇਸ਼ਨ ਲੈਬਜ਼ ਸਿੱਖਿਆ ਅਤੇ ਰੁਜ਼ਗਾਰ-ਮੁਖੀ ਹੁਨਰ ਸਿਖਲਾਈ ਵਿਚਕਾਰ ਪਾੜੇ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਬੈਂਸ ਨੇ ਦੱਸਿਆ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਏਅਰ ਹੋਸਟੈੱਸ ਕੋਰਸ ਵੀ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਗਵੰਤ ਸਿੰਘ ਮਾਨ ਸਰਕਾਰ ਦੇ ਯਤਨਾਂ ਸਦਕਾ ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਲਈ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚੇ, ਹੁਨਰ ਵਿਕਾਸ, ਨਵੀਨਤਾ ਅਤੇ ਤਕਨਾਲੋਜੀ ਅਧਾਰਤ ਸਿੱਖਿਆ ’ਤੇ ਦਿੱਤਾ ਜਾ ਰਿਹਾ ਜ਼ੋਰ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਅਤੇ ਉੱਤਮਤਾ-ਅਧਾਰਤ ਬਣਾਉਣ ਵਿੱਚ ਸਹਾਈ ਹੋ ਰਿਹਾ ਹੈ। ਇਸ ਮੌਕੇ ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ, ਵਧੀਕ ਮੁੱਖ ਸਕੱਤਰ ਵਿਕਾਸ ਪ੍ਰਤਾਪ, ਵਿਭਾ ਇੰਡੀਆ ਦੇ ਸੀ.ਓ.ਓ. ਸਮੀਰ ਹੁਡਾ, ਮੇਕਰ ਭਵਨ ਫਾਊਂਡੇਸ਼ਨ ਦੇ ਸੀ.ਈ.ਓ. ਗੌਤਮ ਖੰਨਾ, ਡਾਇਰੈਕਟਰ ਤਕਨੀਕੀ ਸਿੱਖਿਆ ਮੁਨੀਸ਼ ਕੁਮਾਰ, ਵਧੀਕ ਡਾਇਰੈਕਟਰ ਰਵਿੰਦਰ ਹੁੰਦਲ ਅਤੇ ਪ੍ਰਿੰਸੀਪਲ ਰਕਸ਼ਾ ਕਿਰਨ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
1.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ
ਪੰਜ ਸਰਕਾਰੀ ਪੌਲੀਟੈਕਨਿਕ ਕਾਲਜਾਂ ’ਚ ਇਨੋਵੇਸ਼ਨ ਲੈਬਜ਼ ਦੀ ਸਥਾਪਨਾ ਨਾਲ ਤਕਨੀਕੀ ਸਿੱਖਿਆ ਨੂੰ ਮਿਲੀ ਨਵੀਂ ਦਿਸ਼ਾ : ਹਰਜੋਤ ਸਿੰਘ ਬੈਂਸ
ਪ੍ਰੈਕਟੀਕਲ ਸਿੱਖਿਆ, ਪ੍ਰੋਟੋਟਾਈਪਿੰਗ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰ ਵਿਕਾਸ ਨੂੰ ਮਿਲੇਗਾ ਉਤਸ਼ਾਹ
ਟੈਗਸ:
Punjab innovation labs
technical education reform
maker spaces
industrial training
Punjab skilling revolution
government polytechnics
ਮੁੱਖ ਖ਼ਬਰਾਂ
ਫਾਜ਼ਿਲਕਾ ਦਾ ਕੈਂਸਰ ਹਸਪਤਾਲ 27.66 ਕਰੋੜ ਦੀਆਂ ਆਧੁਨਿਕ ਮਸ਼ੀਨਾਂ ਨਾਲ ਲੈਸ
ਫਾਜ਼ਿਲਕਾ ਦੇ ਕੈਂਸਰ ਹਸਪਤਾਲ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ।