ਕਾਂਗਰਸੀਆਂ ਵੱਲੋਂ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ

ਕਾਂਗਰਸ ਦੀ ਈਸੜੂ ਰੈਲੀ ’ਚ ਹੋਈ ਚੰਨੀ- ਚੰਨੀ, ਰਾਜਾ ਵੜਿੰਗ ਰਹੇ ਗੈਰਹਾਜ਼ਰ

ਕਾਂਗਰਸ ਕਿਸੇ ਇੱਕ ਵਿਅਕਤੀ ਦੀ ਪਾਰਟੀ ਨਹੀਂ, ਭਾਵੇਂ ਪਰਿਵਾਰ ਦੇ ਚਾਰ ਮੈਂਬਰ ਜਿੱਤਣ ਵਾਲੇ ਹੋਣ ਸਭ ਨੂੰ ਟਿਕਟ ਦੇਵਾਂਗੇ : ਰੰਧਾਵਾ

By : True Update, Kamaljeet Singh Kamal
ਕਾਂਗਰਸ ਦੀ ਈਸੜੂ ਰੈਲੀ ’ਚ ਹੋਈ ਚੰਨੀ- ਚੰਨੀ, ਰਾਜਾ ਵੜਿੰਗ ਰਹੇ ਗੈਰਹਾਜ਼ਰ

ਖੰਨਾ, ਈਸੜੂ, 16 ਅਗਸਤ (ਰਾਜਵਿੰਦਰ ਰਾਜੂ) : ਗੋਆ ਦੀ ਅਜ਼ਾਦੀ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਬਕਾ ਮੰਤਰੀ ਗੁਰਕੀਰਤ ਸਿੰਘ ਦੀ ਅਗਵਾਈ ਵਿਚ ਇਕ ਵਿਸ਼ਾਲ ਸ਼ਹੀਦੀ ਕਾਨਫਰੰਸ ਕਰਵਾਈ ਗਈ ਜਿਸ ਵਿਚ ਠਾਠਾਂ ਮਾਰਦੇ ਇੱਕਠ ਨੇ ਗੁਰਕੀਰਤ ਸਿੰਘ ਦੀ ਆਉਣ ਵਾਲੀਆਂ ਚੋਣਾਂ ਵਿਚ ਜਿੱਤ ਦਾ ਢੰਕਾਂ ਵਜਾ ਦਿੱਤਾ ਹੈ, ਉਥੇ ਹੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਦਾ ਮੁੱਢ ਬੰਨ ਦਿੱਤਾ ਹੈ। ਇਸ ਰੈਲੀ ਵਿਚ ਹੋਏ ਵਿਸ਼ਾਲ ਇਕੱਠ ਨੇ ਮੰਚ ’ਤੇ ਬੈਠੇ ਸਾਰੇ ਕਾਂਗਰਸੀ ਆਗੂਆਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਅਤੇ ਲੋਕਾਂ ਵਿਚ ਦਿੱਤੇ ਜਾ ਰਹੇ ਹੂੰਗਾਰੇ ਨੇ ਪੰਜਾਬ ਵਿਚ ਕਾਂਗਰਸ ਸਰਕਾਰ ਦੀ ਸਰਕਾਰ ਆਉਣ ਦੇ ਸਪਸ਼ਟ ਸੰਕਤੇ ਦਿੱਤੇ। ਕਾਨਫਰੰਸ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਮੁਹਮੰਦ ਸਦੀਕ, ਬਰਿੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕ ਲਖਵੀਰ ਸਿੰਘ ਪਾਇਲ ਤੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਸਮੇਤ ਅਨੇਕਾਂ ਆਗੂਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਕਾਨਫਰੰਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਗੈਰਹਾਜ਼ਰ ਰਹੇ ਤੇ ਪੰਡਾਲ ਵਿਚ ਵੱਖ-ਵੱਖ ਬੁਲਾਰਿਆਂ ਦੇ ਬੋਲਣ ਸਮੇਂ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਦੇ ਜੈਕਾਰੇ ਗੂੰਜਦੇ ਰਹੇ।
ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚੰਨੀ ਨੇ ਮਾ. ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹ ਹੀ ਤਰੱਕੀ ਕਰਦੀਆਂ ਹਨ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ 4 ਸਾਲਾਂ ਦੌਰਾਨ ਸ਼ਹੀਦ ਦੇ ਪਿੰਡ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਪੰਜਾਬ ਨੂੰ ਰੰਗਲਾ ਬਣਾਉਣ ਦਾ ਹੋਕਾ ਦੇਣ ਵਾਲੇ ਪੰਜਾਬ ਮੁੱਖ ਮੰਤਰੀ ਨੇ ਪੰਜਾਬ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਹੈ। ਅੱਜ ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੰਗ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਭਾਰੀ ਇਕੱਠ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦਾ ਸੰਕੇਤ ਹੈ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਪੰਜਾਬ ਦੀਆਂ ਸਾਰੀਆਂ ਰੇਤ ਖੱਡਾ ਬੰਦ ਹਨ ਪ੍ਰੰਤੂ ਪੰਜਾਬ ਦਾ ਚਿੱਟਾ ਸੋਨਾ ਰਾਤਾਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਹੱਲਾ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰਾਂ ਦੀਆਂ ਰਾਜਨੀਤਿਕ ਗਲਤੀਆਂ ਕਰਕੇ ਅਜ਼ਾਦੀ ਤੋਂ ਬਾਅਦ ਪੰਜਾਬ ਦੋ ਵਾਰ ਵੰਡਿਆਂ ਗਿਆ ਤੇ ਅੱਜ ਦਾ ਪੰਜਾਬ ਚਿੜ੍ਹੀ ਦੇ ਪਹੁੰਚੇ ਜਿੰਨਾ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਅੰਦਰ 50 ਕਿਲੋਮੀਟਰ ਤੱਕ ਬੀ. ਐੱਸ. ਐੱਫ. ਦਾ ਕਬਜ਼ਾ ਕਰਵਾ ਦਿੱਤਾ ਹੈ ਜੋ ਸੂਬੇ ਦੀ ਪੰਜਾਬ ਪੁਲੀਸ ’ਤੇ ਸਵਾਲੀਆਂ ਚਿੰਨ੍ਹ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਮਹੀਨਾ ਦੇ ਕੇ ਮਜ਼ਾਕ ਕੀਤਾ ਹੈ। ਸਰਧਾਂਜਲੀ ਭੇਂਟ ਕਰਦਿਆਂ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਹੀਦੇ ਆਜਮ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੇਸ਼ ਵਿੱਚ ਅਮਨ ਸ਼ਾਂਤੀ ਲਿਆਉਣ ਲਈ ਆਪਣੀ ਕੁਰਬਾਨੀ ਤੱਕ ਦੇ ਦਿੱਤੀ। ਉਨ੍ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਨਾ ਲਏ ਬਗੈਰ ਕਿਹਾ ਕਿ ਪਾਰਟੀ ਵਿੱਚ ਪ੍ਰਧਾਨਗੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਸਾਨੂੰ ਕਿਸੇ ਪ੍ਰਧਾਨ ਤੋਂ ਕਾਂਗਰਸੀ ਹੋਣ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਅਤੇ ਸਾਡੀਆਂ ਰਗਾਂ ਵਿਚ ਕਾਂਗਰਸ ਪਾਰਟੀ ਦਾ ਖੂਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਇਕ ਵਿਅਕਤੀ ਦੀ ਜਗੀਰ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਇੱਕ ਪਰਿਵਾਰ ਵਿਚੋਂ 4 ਵਿਅਕਤੀ ਜਿੱਤਣ ਵਾਲੇ ਹੋਣ ਉਨ੍ਹਾਂ ਸਭ ਨੂੰ ਟਿਕਟ ਮਿਲੇਗੀ।
ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਹਰ ਪਾਸੇ ਧੱਕੇਸ਼ਾਹੀ ਹੋ ਰਹੀ ਹੈ ਕਨੂੰਨ ਨਾਮ ਦੀ ਕੋਈ ਚੀਜ ਨਹੀਂ ਹੈ। ਵਿਕਾਸ ਦੇ ਨਾਮ ਤੇ ਲੋਕਾਂ ਨੂੰ ਗੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ ਪਰ ਪੰਜਾਬ ਦੇ ਲੋਕ ਸਭ ਜਾਣ ਚੁੱਕੇ ਹਨ ਕਿ ਪੰਜਾਬ ਦੀ ਤਰੱਕੀ ਹਮੇਸ਼ਾ ਕਾਂਗਰਸ ਦੇ ਰਾਜ ਵਿਚ ਹੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਅੰਤ ਸਿੰਘ ਦਾ ਪਰਿਵਾਰ ਨੇ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਰਿਹਾਈ ਵਿਚ ਕੋਈ ਅੜਿਕਾ ਬਣਿਆ ਹੈ। ਗੁਰਕੀਰਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਲਈ ਉਨ੍ਹਾਂ ਦਾ ਪਰਿਵਾਰ ਹਰ ਪ੍ਰਕਾਰ ਦੀ ਕੁਰਬਾਨੀ ਦੇਣ ਲਈ ਤਿਆਰ ਹੈ। ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਧੰਨਵਾਦ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸੱਕਤਰ ਜਨਾਬ ਰਫੀਕ ਮੁਹਮੰਦ, ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਕਮਲਜੀਤ ਸਿੰਘ ਲੱਧੜ, ਅਮਿਤ ਤਿਵਾੜੀ, ਅੰਕਿਤ ਸ਼ਰਮਾ, ਸ਼ਮਿੰਦਰ ਸਿੰਘ ਮਿੰਟੂ, ਹਰਪ੍ਰੀਤ ਸਿੰਘ ਧੰਜਲ, ਰਾਜੀਵ ਮਹਿਤਾ, ਯੂਥ ਪ੍ਰਧਾਨ ਵਿਜੇ ਮੌਦਗਿਲ, ਡਾ. ਗੁਰਮੱਖ ਸਿੰਘ ਚਾਹਲ, ਹਰਦੀਪ ਨੀਨੂ, ਰਵਿੰਦਰ ਬੱਬੂ, ਸਾਬਕਾ ਚੇਅਰਮੈਨ ਸਤਿਨਾਮ ਸਿੰਘ ਸੋਨੀ, ਸਾਬਕਾ ਉਪ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਸੋਨੀ ਜਰਗ, ਗੁਰਦੀਪ ਸਿੰਘ ਰਸੂਲੜਾ, ਪ੍ਰੋਫੈਸਰ ਗੁਰਮੁੱਖ ਸਿੰਘ ਸਿਆੜ੍ਹ, ਗੁਰਵਿੰਦਰ ਸਿੰਘ ਈਸੜੂ, ਹਰਜਿੰਦਰ ਸਿੰਘ ਇਕੋਲਾਹਾ, ਸਲੀਮ ਮੁਹੰਮਦ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਿਰ ਹੋਏ।