ਅੰਮ੍ਰਿਤਸਰ, 14 ਅਗਸਤ (ਹਿੰ.ਸ.) : ਸਿੱਖ ਸਾਹਿਤਕਾਰ ਰੁਪਿੰਦਰ ਸਿੰਘ ਨੇ 51 ਗੁਰਦੁਆਰਾ ਸਾਹਿਬਾਨ ਦੀ ਵਿਰਾਸਤ ਨੂੰ ਦਰਸਾਉਂਦੀ ਆਪਣੀ ਪੁਸਤਕ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਰਪਣ ਕੀਤੀ। ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਪੁਸਤਕ ਦੇ ਲੇਖਕ ਰੁਪਿੰਦਰ ਸਿੰਘ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸ਼੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨ ਦਿੱਤਾ। ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਰੁਪਿੰਦਰ ਸਿੰਘ ਵੱਲੋਂ ਤਿਆਰ ਕੀਤੀ ਇਸ ਪੁਸਤਕ ਵਿਚ ਜਿਥੇ 51 ਗੁਰਦੁਆਰਾ ਸਾਹਿਬਾਨ ਦਾ ਇਤਿਹਾਸ ਦਰਜ ਹੈ, ਉਥੇ ਹੀ ਪ੍ਰਸਿੱਧ ਚਿੱਤਰਕਾਰ ਐਲਨ ਕੋਸੀਦਾ ਵੱਲੋਂ ਤਿਆਰ ਕੀਤੇ ਚਿੱਤਰਾਂ ਨੂੰ ਖ਼ੂਬਸੂਰਤ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਰੁਪਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਵੀ 8 ਪੁਸਤਕਾਂ ਲੋਕ ਅਪਰਣ ਕੀਤੀਆਂ ਹਨ। ਉਨ੍ਹਾਂ ਰੁਪਿੰਦਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਕਾਰਜ ਕਰਦੇ ਰਹਿਣ ਦੀ ਆਸ ਪ੍ਰਗਟਾਈ। ਇਸੇ ਦੌਰਾਨ ਰੁਪਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਗੁਰਦੁਆਰਾ ਸਾਹਿਬਾਨ ਨਾਲ ਜੁੜਿਆ ਹੋਇਆ ਹੈ, ਜਿਥੋਂ ਸਾਨੂੰ ਸਿੱਖ ਸਿਧਾਂਤ ਤੇ ਵਿਰਾਸਤ ਦੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਸੰਗਤਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਇਸ ਮੌਕੇ ਓ. ਐੱਸ. ਡੀ. ਸਤਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਨਿੱਜੀ ਸਕੱਤਰ ਸ਼ਾਹਿਬਾਜ਼ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੇਜਰ ਸਿੰਘ, ਸੁਪਰਡੰਟ ਨਿਸ਼ਾਨ ਸਿੰਘ, ਵਧੀਕ ਮੈਨੇਜਰ ਯੁਵਰਾਜ ਸਿੰਘ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਰਣਧੀਰ ਸਿੰਘ, ਜਤਿੰਦਰ ਸਿੰਘ ਤੇ ਰੁਪਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸੀ।
ਧਾਮੀ ਨੇ ਰੁਪਿੰਦਰ ਸਿੰਘ ਦੇ ਇਸ ਉਪਰਾਲੇ ਦੀ ਕੀਤੀ ਸ਼ਲਾਘਾ
ਰੁਪਿੰਦਰ ਸਿੰਘ ਨੇ 51 ਗੁਰਦੁਆਰਾ ਸਾਹਿਬਾਨ ਬਾਰੇ ਲਿਖੀ ਪੁਸਤਕ ਐਡਵੋਕੇਟ ਧਾਮੀ ਨੂੰ ਕੀਤੀ ਭੇਂਟ
ਸਿੱਖ ਸਾਹਿਤਕਾਰ ਰੁਪਿੰਦਰ ਸਿੰਘ ਨੇ 51 ਗੁਰਦੁਆਰਾ ਸਾਹਿਬਾਨ ਦੀ ਵਿਰਾਸਤ ਨੂੰ ਦਰਸਾਉਂਦੀ ਆਪਣੀ ਪੁਸਤਕ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਭੇਂਟ ਕੀਤੀ।
ਰੁਪਿੰਦਰ ਸਿੰਘ ਅਤੇ ਹੋਰ 51 ਗੁਰਦੁਆਰਾ ਸਾਹਿਬਾਨ ਬਾਰੇ ਲਿਖੀ ਪੁਸਤਕ ਐਡਵੋਕੇਟ ਧਾਮੀ ਨੂੰ ਭੇਂਟ ਕਰਦੇ ਹੋਏ।