ਗੈਰ-ਕਾਨੂਨੀ ਸ਼ਰਾਬ ਕੀਤੀ ਬਰਾਮਦ

ਤਰਨਤਾਰਨ 'ਚ ਆਬਕਾਰੀ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ 3 ਭੱਠੀਆਂ ਤੇ 4 ਹਜ਼ਾਰ ਲੀਟਰ ਲਾਹਣ ਕੀਤਾ ਬਰਾਮਦ

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਧਰੀ ਵਿੱਚ ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।

By : True Update, Harmanjot Singh

ਤਰਨਤਾਰਨ 'ਚ ਆਬਕਾਰੀ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ 3 ਭੱਠੀਆਂ ਤੇ 4 ਹਜ਼ਾਰ ਲੀਟਰ ਲਾਹਣ ਕੀਤਾ ਬਰਾਮਦ

ਤਰਨਤਾਰਨ, (ਹਿੰ.ਸ.)  ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਧਰੀ ਵਿੱਚ ਆਬਕਾਰੀ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦਿਆਂ ਨਾਜਾਇਜ਼ ਸ਼ਰਾਬ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ, ਲਾਹਣ ਅਤੇ ਸ਼ਰਾਬ ਤਿਆਰ ਕਰਨ ਵਾਲਾ ਸਾਮਾਨ ਬਰਾਮਦ ਕੀਤਾ ਗਿਆ। ਪੁਲਿਸ ਅਤੇ ਆਬਕਾਰੀ ਟੀਮ ਨੇ ਮੌਕੇ ਤੋਂ 3 ਚੱਲਦੀਆਂ ਸ਼ਰਾਬ ਦੀਆਂ ਭੱਠੀਆਂ, 4,000 ਲੀਟਰ ਲਾਹਣ ਅਤੇ 100 ਬੋਤਲਾਂ ਤਿਆਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ। ਇਸ ਤੋਂ ਇਲਾਵਾ 4 ਵੱਡੇ ਡਰੱਮ, 35 ਛੋਟੇ ਡਰੱਮ ਅਤੇ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਹੋਰ ਉਪਕਰਨ ਵੀ ਬਰਾਮਦ ਕੀਤੇ ਗਏ। ਆਬਕਾਰੀ ਇੰਸਪੈਕਟਰ ਕਰਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਸਵੇਰ ਦੇ ਸਮੇਂ ਖੁੱਲ੍ਹੇਆਮ ਭੱਠੀਆਂ ਲਗਾ ਕੇ ਨਾਜਾਇਜ਼ ਸ਼ਰਾਬ ਤਿਆਰ ਕਰਦੇ ਸਨ ਅਤੇ ਇਸ ਦੀ ਸਪਲਾਈ ਆਸ-ਪਾਸ ਦੇ ਪਿੰਡਾਂ ਵਿੱਚ ਕਰਦੇ ਸਨ। ਜਿਸ ਘਰ ਵਿੱਚ ਇਹ ਗੈਰ-ਕਾਨੂੰਨੀ ਧੰਦਾ ਚੱਲ ਰਿਹਾ ਸੀ, ਉਸ ਦਾ ਮਾਲਕ ਪ੍ਰਗਟ ਸਿੰਘ ਵਾਸੀ ਵੱਡੀ ਪਧਰੀ, ਪੁਲਿਸ ਦੀ ਭਿਣਕ ਪੈਂਦਿਆਂ ਹੀ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਝਬਾਲ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਇਹ ਕਾਰਵਾਈ ਉਸੇ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।