ਲੁਧਿਆਣਾ, 17 ਅਗਸਤ (ਹਿੰ.ਸ.) : ਪੰਜਾਬ ਪੁਲਿਸ ਵੱਲੋਂ ਤਕਨੀਕ ਦੀ ਵਰਤੋਂ ਨੂੰ ਹੋਰ ਮਜ਼ਬੂਤ ਕਰਦਿਆਂ ਖੰਨਾ ਪੁਲਿਸ ਨੇ ਪਹਿਲੀ ਵਾਰ ਫੇਸ਼ੀਅਲ ਰਿਕਗਨਿਸ਼ਨ ਸਿਸਟਮ ਦੀ ਸਫਲਤਾਪੂਰਵਕ ਵਰਤੋਂ ਕੀਤੀ ਹੈ। ਇਸ ਤਕਨੀਕ ਦੀ ਮਦਦ ਨਾਲ ਈਸੜੂ ਪਿੰਡ ਵਿੱਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਪੁਲਿਸ ਨੇ ਇੱਕ ਸ਼ੱਕੀ ਸਨੈਚਰ ਦੀ ਪਛਾਣ ਕਰਕੇ ਉਸ ਨੂੰ ਹਿਰਾਸਤ ਵਿੱਚ ਲਿਆ। ਇਹ ਅਤਿ-ਆਧੁਨਿਕ ਸਿਸਟਮ ਖੰਨਾ ਦੀ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਪਹਿਲਕਦਮੀ ’ਤੇ ਖੰਨਾ ਪੁਲਿਸ ਦੀ ਸਾਈਬਰ ਅਤੇ ਤਕਨੀਕੀ ਵਿੰਗ ਵੱਲੋਂ ਖੁਦ ਤਿਆਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਹ ਸਿਸਟਮ ਹਿਸਟਰੀਸ਼ੀਟਰਾਂ, ਲੋੜੀਂਦੇ ਅਪਰਾਧੀਆਂ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਸਹਾਇਕ ਹੋਵੇਗਾ। ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿੱਚ ਈਸੜੂ ਪਿੰਡ ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ ਇਸ ਤਕਨੀਕ ਦਾ ਟਰਾਇਲ ਕੀਤਾ ਗਿਆ। ਇਸ ਲਈ ਇੱਕ ਹਾਈਟੈੱਕ ਵੈਨ ਵਿੱਚ ਫੇਸ਼ੀਅਲ ਰਿਕਗਨਿਸ਼ਨ ਸਿਸਟਮ ਸਥਾਪਤ ਕੀਤਾ ਗਿਆ ਸੀ, ਜਦਕਿ ਸਮਾਗਮ ਵਾਲੀ ਥਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਸਨ। ਹਾਈਟੈੱਕ ਵੈਨ ਰਾਹੀਂ ਲਾਈਵ ਕੈਮਰਾ ਫੀਡ ਅਤੇ ਸੀ. ਸੀ. ਟੀ. ਵੀ. ਫੁਟੇਜ ਤੋਂ ਲੋਕਾਂ ਦੇ ਚਿਹਰਿਆਂ ਦੀ ਲਗਾਤਾਰ ਸਕੈਨਿੰਗ ਕੀਤੀ ਗਈ। ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਜਦੋਂ ਕਿਸੇ ਲੋੜੀਂਦੇ ਵਿਅਕਤੀ ਦੀ ਤਸਵੀਰ ਅਤੇ ਉਸ ਨਾਲ ਸਬੰਧਤ ਜਾਣਕਾਰੀ ਸਿਸਟਮ ਵਿੱਚ ਅਪਲੋਡ ਕੀਤੀ ਜਾਂਦੀ ਹੈ ਤਾਂ ਐੱਫ. ਆਰ. ਐੱਸ. ਉਸ ਦੇ ਚਿਹਰੇ ਦਾ 512-ਡਾਇਮੈਂਸ਼ਨਲ ਫੇਸ਼ੀਅਲ ਐਂਬੈਡਿੰਗ ਤਿਆਰ ਕਰਦਾ ਹੈ। ਇਸ ਤੋਂ ਬਾਅਦ ਸਿਸਟਮ ਲਾਈਵ ਕੈਮਰਾ ਫੀਡ ਵਿੱਚ ਦਿਖਾਈ ਦੇਣ ਵਾਲੇ ਚਿਹਰਿਆਂ ਨੂੰ ਲਗਾਤਾਰ ਸਕੈਨ ਕਰਦਾ ਰਹਿੰਦਾ ਹੈ। ਜੇਕਰ ਕਿਸੇ ਵਿਅਕਤੀ ਦਾ ਚਿਹਰਾ ਸਿਸਟਮ ਵਿੱਚ ਮੌਜੂਦ ਰਿਕਾਰਡ ਨਾਲ ਸੰਭਾਵਿਤ ਤੌਰ ’ਤੇ ਮੇਲ ਖਾਂਦਾ ਹੈ ਤਾਂ ਤੁਰੰਤ ਅਲਰਟ ਜਾਰੀ ਹੁੰਦਾ ਹੈ। ਇਸ ਅਲਰਟ ਵਿੱਚ ਵਿਅਕਤੀ ਦਾ ਨਾਮ, ਮੈਚ ਪ੍ਰਤੀਸ਼ਤ, ਸਥਾਨ, ਮਿਤੀ ਅਤੇ ਸਮਾਂ ਦਰਜ ਹੁੰਦਾ ਹੈ। ਹਰ ਅਲਰਟ ਆਪਣੇ ਆਪ ਡੈਸ਼ਬੋਰਡ ’ਤੇ ਰਿਕਾਰਡ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ’ਤੇ ਇਸ ਦੀ ਪੁਸ਼ਟੀ ਕਰਕੇ ਅਗਲੀ ਕਾਰਵਾਈ ਕਰ ਸਕਦੇ ਹਨ। ਪੁਲਿਸ ਅਨੁਸਾਰ ਈਸੜੂ ਵਿਖੇ ਸੁਰੱਖਿਆ ਪ੍ਰਬੰਧਾਂ ਦੌਰਾਨ ਸਿਸਟਮ ਨੇ ਸਮਾਗਮ ਵਾਲੀ ਥਾਂ ਦੇ ਨੇੜੇ ਘੁੰਮ ਰਹੇ ਇੱਕ ਸਨੈਚਰ ਦੀ ਪਛਾਣ ਕੀਤੀ। ਸਿਸਟਮ ਤੋਂ ਅਲਰਟ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੇ ਵੀ ਖੰਨਾ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਦੀ ਸ਼ਲਾਘਾ ਕੀਤੀ।