ਈਸੜੂ, ਖੰਨਾ 16 ਅਗਸਤ (ਰਾਜਵਿੰਦਰ ਰਾਜੂ)- ਗੋਆ ਦੀ ਅਜ਼ਾਦੀ ਦੇ ਮਹਾਂਨ ਸ਼ਹੀਦ ਮਾ. ਕਰਨੈਲ ਸਿੰਘ ਈਸੜੂ ਅਤੇ ਜੋਨ ਤੋੜ ਮੋਰਚੇ ਦੇ ਸ਼ਹੀਦ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਇਕ ਵਿਸ਼ਾਲ ਸ਼ਹੀਦੀ ਕਾਨਫਰੰਸ ਕਸਬਾ ਈਸੜੂ ਵਿਖੇ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ’ਚ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ’ਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਪੁੱਜ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਪਿੰਡ ਈਸੜੂ ਦੇ ਪਤਵੰਤਿਆਂ ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ, ਉਪਰੰਤ ਰਿਕਾਰਡਤੋੜ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਅੱਜ ਅਜ਼ਾਦ ਫਿਜਾ ’ਚ ਜੋ ਅਸੀਂ ਸਾਹ ਲੈ ਰਹੇ ਹਾਂ ਉਹ ਮਹਾਂਨ ਸ਼ਹੀਦਾਂ ਕਰਕੇ ਹੀ ਹੈ ਜਿੰਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਤੇ ਅੱਜ ਪੰਜਾਬ ਨੂੰ ਅਜ਼ਾਦੀ ਇਨ੍ਹਾਂ ਗੁਰੂ ਦੋਖੀਆਂ, ਝੂਠੇ ਵਾਅਦਿਆਂ, ਝੂਠੀ ਇਸ਼ਤਿਹਾਰਬਾਜੀ, ਪੰਜਾਬ ਸਿਰ ਚੜ੍ਹੇ ਕਰਜੇ ਤੇ ਨਸ਼ੇ ਤੋਂ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਹਮਲਾ ਉਸ ਮਹਾਂਨ ਤਖਤ ਤੇ ਹੋਇਆ ਜਿੱਥੇ ਸਾਰੀ ਸੰਗਤ ਦਾ ਸਿਰ ਝੁਕਦਾ ਹੈ, ਉਸ ਤਖਤ ਤੇ ਕਿਸੇ ਵੀ ਤਰ੍ਹਾਂ ਦਾ ਜਿਸਮਾਨੀ ਹਮਲਾ ਕਰਨ ਵਾਲਾ ਗੁਰੂ ਦੋਖੀ ਹੀ ਹੋ ਸਕਦਾ ਹੈ, ਜੋ ਕਾਇਰਤਾ ਦੀ ਨਿਸ਼ਾਨੀ ਹੈ। ਦੋ ਸਾਲਾਂ ’ਚ ਦੂਸਰੀ ਵਾਰ ਸੁਖਬੀਰ ਸਿੰਘ ਬਾਦਲ ਤੇ ਜਾਨਲੇਵਾ ਹਮਲਾ ਬਹੁਤ ਵੱਡੀ ਸਾਜਿਸ਼ ਦਾ ਹਿੱਸਾ ਹੈ। ਪੰਜਾਬ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈ ਤੇ ਪੰਜਾਬ ’ਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਪੰਜਾਬ ਦਾ ਹਰ ਨਾਗਰਿਕ ਡਰ ਤੇ ਸਹਿਮ ਦੇ ਮਹੌਲ ’ਚ ਜ਼ਿੰਦਗੀ ਜੀਅ ਰਿਹਾ ਹੈ। ਪੰਜਾਬ ਇੰਨਾ ਕੰਗਲਾ ਹੋ ਗਿਆ ਹੈ ਕਿ ਪੰਜਾਬ ਦੇ ਸਿਰ ਤੇ 5 ਲੱਖ ਕਰੋੜ ਦਾ ਕਰਜ਼ਾ ਹੈ, ਜਿਸ ਨੇ ਪੰਜਾਬ ਨੂੰ ਹਨੇਰੇ ਅੰਦਰ ਧੱਕ ਦਿੱਤਾ ਹੈ ਤੇ ਅਸੀਂ ਪੰਜਾਬ ਨੂੰ ਬਚਾਉਣ ਲਈ ਤੇ ਇਸ ਦਲ-ਦਲ ਚੋਂ ਕੱਢਣ ਦੀ ਮਨੋਕਾਮਨਾ ਲੈ ਕੇ ਹੀ ਗੁਰੂ ਚਰਨਾਂ ’ਚ ਅਰਦਾਸ ਕਰਨ ਲਈ ਤਖਤ ਸ੍ਰੀ ਹਜ਼ੂਰ ਸਾਹਿਬ ਗਏ ਸੀ ਕਿ ਪੰਜਾਬ ’ਚ ਚੰਗੇ ਦਿਨ ਵਾਪਸ ਆਉਣ ਅਤੇ ਸੱਚ ਦੀ ਜਿੱਤ ਹੋਵੇ। ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਭ ਤੋਂ ਪਹਿਲਾਂ ਪੰਜਾਬ, ਫਿਰ ਪਾਰਟੀ ਅਤੇ ਉਸ ਤੋਂ ਬਾਅਦ ਪਰਿਵਾਰ ਬਾਰੇ ਸੋਚਦੇ ਹਨ।
ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ’ਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ ਪਰ ਕੁਰਬਾਨੀਆਂ ਦਾ ਮੁੱਲ ਕਾਂਗਰਸ ਦੀਆਂ ਸਰਕਾਰਾਂ ਨੇ ਭੁਲਾ ਕੇ ਪੰਜਾਬੀਆਂ ਨੂੰ ਜਰਾਇਮ ਪੇਸ਼ਾ ਕੌਮ ਐਲਾਨਣ ਦੇ ਸਰਕੂਲਰ ਕੱਢੇ। ਜੋ ਇਨਸਾਫ ਪੰਜਾਬੀਆਂ ਨਾਲ ਹੋਣਾ ਚਾਹੀਦਾ ਸੀ ਉਹ ਇਨਸਾਫ ਪੰਜਾਬੀਆਂ ਨਾਲ ਨਹੀਂ ਹੋਇਆ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜੋ ਪੰਜਾਬ ਨੂੰ ਹਸਦਾ ਵਸਦਾ ਤੇ ਖੁਸ਼ਹਾਲੀ ਦੇ ਰਸਤੇ ਤੇ ਦੇਖਣਾ ਚਾਹੁੰਦੀ ਹੈ ਉਸ ਨੂੰ ਖਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਬਲਵਿੰਦਰ ਸਿੰਘ ਭੂੰਦੜ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਜ਼ਾਦੀ ਲੈਣ ਵਾਸਤੇ ਪੂਰੇ ਦੇਸ਼ ਨੇ ਸੰਘਰਸ਼ ਕੀਤਾ ਪਰ ਇਸ ਅਜ਼ਾਦੀ ਦਾ ਮੁੱਲ ਪੰਜਾਬ ਨੂੰ 10 ਲੱਖ ਪੰਜਾਬੀ ਸ਼ਹੀਦ ਕਰਵਾ ਕੇ ਉਤਾਰਨਾ ਪਿਆ। ਦੇਸ਼ ਅਜਾਦ ਹੋਣ ਉਪਰੰਤ ਪੰਜਾਬੀਆਂ ਨੇ ਪਾਣੀਆਂ, ਰਾਜਧਾਨੀ, ਫੌਜ ’ਚ ਭਰਤੀ, ਵਪਾਰ ਅਤੇ ਹੋਂਦ ਦੀ ਲੜਾਈ ਲੜੀ ਜੋ ਅੱਜ ਤੱਕ ਜਾਰੀ ਹੈ। ਅਜੋਕੀ ਸਰਕਾਰ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਇਨਾਂ ਦੇ ਰਾਜ ਅੰਦਰ ਕਤਲੋ ਗਾਰਦ, ਲੁੱਟਾਂ ਖੋਹਾਂ ਆਏ ਦਿਨ ਹੋ ਰਹੀਆਂ ਹਨ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਾਤਲਾਨਾਂ ਹਮਲੇ ਹੋ ਰਹੇ ਹਨ, ਇਹ ਪੰਜਾਬ ਨੂੰ ਉਜਾੜਨ ਲਈ ਹੀ ਆਏ ਹਨ ਤੇ ਅੱਜ ਲੋੜ ਹੈ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਸੁਪਨਿਆਂ ਤੇ ਪਹਿਰਾ ਦਿੱਤਾ ਜਾਵੇ। ਸ਼ਹੀਦੀ ਕਾਨਫਰੰਸ ਨੂੰ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿਲੋਂ, ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿਲੋਂ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਦਰਬਾਰਾ ਸਿੰਘ ਗੁਰੂ ਆਦਿ ਨੇ ਵੀ ਸੰਬੋਧਨ ਕੀਤਾ।
ਸਮਾਗਮ ਦੇ ਅੰਤ ’ਚ ਹਲਕਾ ਇੰਚਾਰਜ਼ ਯਾਦਵਿੰਦਰ ਸਿੰਘ ਯਾਦੂ ਨੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਲਈ ਈਸੜੂ ਪੁੱਜਣ ਤੇ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਸਮੁੱਚੀ ਸੀਨੀਅਰ ਲੀਡਰਸ਼ਿਪ ਤੇ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸਾਨੂੰ ਹਰਸਿਮਰਤ ਕੌਰ ਬਾਦਲ ਨੂੰ ਵਿਸ਼ੇਸ਼ ਸਨਮਾਨ ਦੇਣਾ ਬਣਦਾ ਹੈ ਕਿਉਂਕਿ ਉਹ ਜਿੱਥੇ ਪੰਜਾਬ ਦੀ ਹਿੱਤਾਂ ਦੀ ਲੜਾਈ ਸੰਸਦ ’ਚ ਲੜਦੇ ਹਨ, ਤੇ ਇਸ ਦੇ ਨਾਲ ਹੀ ਉਨਾਂ ਨੂੰ ਪਰਿਵਾਰਕ ਤੌਰ ਤੇ ਵੀ ਅੰਦਰੂਨੀ ਲੜਾਈ ਲੜਨੀ ਪੈ ਰਹੀ ਹੈ ਤੇ ਉਹ ਪਰਿਵਾਰ ਉਪਰ ਸੰਕਟ ਦੇ ਸਮੇਂ ਵੀ ਅਡੋਲ ਹਨ। ਇਸ ਮੌਕੇ ਬੀਬਾ ਜਸਦੀਪ ਕੌਰ ਯਾਦੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਸਾਬਕਾ ਸਰਪੰਚ ਹਰਿੰਦਪਾਲ ਸਿੰਘ ਹਨੀ, ਭਵਨਦੀਪ ਸਿੰਘ ਜਰਗ, ਬਲਦੇਵ ਸਿੰਘ ਜਰਗੜੀ, ਜਗਦੀਪ ਸਿੰਘ ਦੀਪੀ, ਮਨਜੀਤ ਸਿੰਘ ਮਦਨੀਪੁਰ, ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ, ਜਸਵੀਰ ਸਿੰਘ ਜੱਸੀ ਮੰਨਵੀ, ਰਘਵੀਰ ਸਿੰਘ ਸਹਾਰਨਮਾਜਰਾ, ਹਰਪਾਲ ਸਿੰਘ ਜੱਲ੍ਹਾ, ਸਾਬਕਾ ਸਰਪੰਚ ਗੁਰਮੀਤ ਸਿੰਘ ਈਸੜੂ, ਗੁਰਨਾਮ ਸਿੰਘ ਫੌਜੀ, ਗੁਰਸ਼ਰਨਜੀਤ ਸਿੰਘ ਈਸੜੂ, ਸਵਰਨ ਸਿੰਘ ਈਸੜੂ, ਤਜਿੰਦਰ ਸਿੰਘ ਬਿੱਟੂ, ਪ੍ਰਗਟ ਸਿੰਘ ਫਤਿਹਪੁਰ, ਗੁਰਪ੍ਰੀਤ ਸਿੰਘ ਲਾਪਰਾਂ, ਗੁਰਬਖਸ਼ ਸਿੰਘ ਬੀਜਾ, ਸਰਬਜੀਤ ਸਿੰਘ ਕਾਲੀਰਾਓ, ਜਸਮੇਲ ਸਿੰਘ ਬੌਂਦਲੀ, ਪਵਨ ਹਰਿਓ, ਜਗਦੀਸ਼ ਸਿੰਘ ਦੀਸ਼ਾ, ਇੰਦਰਜੀਤ ਸਿੰਘ ਤੂਰ, ਜਗਦੀਪ ਸਿੰਘ ਲੀਹਲ, ਖੁਸ਼ਦੇਵ ਸਿੰਘ ਛੋਟਾ ਖੰਨਾ, ਮਨਵੀਰ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ’ਚ ਅਕਾਲੀ ਵਰਕਰ ਹਾਜ਼ਰ ਹਨ।