ਖੰਨਾ, 26 ਅਗਸਤ (ਟਰੂ ਅੱਪਡੇਟ) : ਖੰਨਾ ਪੁਲਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਦੋ ਸੋਨੇ ਦੀਆਂ ਬਾਲੀਆਂ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ ਹੈ। ਸੀਨੀਅਰ ਕਪਤਾਨ ਪੁਲਸ ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਅਤੇ ਲੁੱਟ-ਖੋਹ ਕਰਨ ਵਾਲੇ ਗਿਰੋਹਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ। ਐੱਸ.ਪੀ. (ਸਪੈਸ਼ਲ ਬ੍ਰਾਂਚ) ਹਰਪਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਪੁਲਸ ਟੀਮ ਨੇ ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮਾਂ ਨੂੰ ਕਾਬੂ ਕੀਤਾ। ਐੱਸ.ਪੀ. ਹਰਪਿੰਦਰ ਕੌਰ ਗਿੱਲ ਨੇ ਦੱਸਿਆ ਕਿ 22 ਅਗਸਤ ਨੂੰ ਸਰਬਜੀਤ ਕੌਰ ਵਾਸੀ ਗੁਰੂ ਰਾਮਦਾਸ ਨਗਰ, ਖੰਨਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸ਼ਾਮ ਕਰੀਬ 5:10 ਵਜੇ ਗੁਰਦੁਆਰਾ ਸ਼ਹੀਦਾਂ ਪੀਰਖਾਨਾ ਰੋਡ ਵਿਖੇ ਮੱਥਾ ਟੇਕਣ ਜਾ ਰਹੀ ਸੀ। ਇਸ ਦੌਰਾਨ ਇੱਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਉਸ ਦੇ ਖੱਬੇ ਕੰਨ ਦੀ ਸੋਨੇ ਦੀ ਬਾਲੀ ਖੋਹ ਲਈ। ਇਸ ਸਬੰਧੀ ਥਾਣਾ ਸਿਟੀ-2 ਖੰਨਾ ਵਿੱਚ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਅਗਲੇ ਹੀ ਦਿਨ ਇੱਕ ਹੋਰ ਬਜ਼ੁਰਗ ਔਰਤ ਦੇ ਕੰਨ ਦੀ ਬਾਲੀ ਵੀ ਖੋਹੀ ਸੀ। ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ। ਫੁਟੇਜ ਵਿੱਚ ਵਾਰਦਾਤ ਸਮੇਂ ਮੋਟਰਸਾਈਕਲ ’ਤੇ ਲਟਕ ਰਹੇ ਅਜਿਹੇ ਲਿਫ਼ਾਫ਼ੇ ਨਜ਼ਰ ਆਏ, ਜਿਨ੍ਹਾਂ ’ਤੇ ‘ਸਨੀਕਰ’ ਬ੍ਰਾਂਡ ਛਪਿਆ ਹੋਇਆ ਸੀ। ਪੁਲਸ ਨੇ ਏ.ਆਈ. ਦੀ ਮਦਦ ਨਾਲ ਇਸ ਬ੍ਰਾਂਡ ਦੀ ਪਛਾਣ ਕੀਤੀ ਅਤੇ ਸੁਭਾਸ਼ ਬਾਜ਼ਾਰ ਖੰਨਾ ਸਥਿਤ ਸਨੀਕਰ ਬ੍ਰਾਂਡ ਦੇ ਸ਼ੂਜ਼ ਸ਼ੋਅਰੂਮ ਦੀ ਸੀ.ਸੀ.ਟੀ.ਵੀ. ਫੁਟੇਜ ਚੈੱਕ ਕੀਤੀ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਲੁੱਟੇ ਗਏ ਸੋਨੇ ਤੋਂ ਮਿਲੇ ਪੈਸਿਆਂ ਨਾਲ ਮੁਲਜ਼ਮ ਨੇ ਬੂਟ ਅਤੇ ਪਰਫਿਊਮ ਖਰੀਦੇ ਸਨ। ਇਸ ਆਧਾਰ ’ਤੇ ਪੁਲਸ ਨੇ 25 ਅਗਸਤ ਨੂੰ ਅਰਸ਼ਦੀਪ ਸਿੰਘ ਉਰਫ਼ ਬੱਬੂ ਵਾਸੀ ਪਿੰਡ ਇਕੋਲਾਹਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤਾ। ਪੁੱਛਗਿੱਛ ਦੌਰਾਨ ਅਰਸ਼ਦੀਪ ਨੇ ਆਪਣੇ ਸਾਥੀ ਦੀਪਕ ਬਾਲੀ ਉਰਫ਼ ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਵਾਲਮੀਕਿ ਮੁਹੱਲਾ, ਪੀਰਖਾਨਾ ਰੋਡ ਖੰਨਾ ਦਾ ਨਾਮ ਦੱਸਿਆ। ਪੁਲਸ ਨੇ ਉਸ ਨੂੰ ਵੀ ਤੁਰੰਤ ਰੇਡ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਅਰਸ਼ਦੀਪ ਨੇ 23 ਅਗਸਤ ਨੂੰ ਬਜ਼ੁਰਗ ਔਰਤ ਦੀ ਬਾਲੀ ਖੋਹਣ ਦੀ ਵਾਰਦਾਤ ਵੀ ਕਬੂਲ ਕੀਤੀ। ਪੁਲਸ ਅਨੁਸਾਰ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਵੱਲੋਂ ਖੋਹ ਕੀਤਾ ਸੋਨਾ ਰਮੇਸ਼ ਜਵੈਲਰਜ਼ ਦੇ ਮਾਲਕ ਕਪਿਲ ਕੁਮਾਰ ਅਤੇ ਜਤਿੰਦਰ ਕੁਮਾਰ ਨੂੰ ਵੇਚਿਆ ਗਿਆ ਸੀ। ਪੁਲਸ ਨੇ ਦੋਵਾਂ ਸੁਨਿਆਰਿਆਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ਸੋਨੇ ਦੀ ਬਾਲੀ ਬਰਾਮਦ ਕੀਤੀ। ਮਾਮਲੇ ਵਿੱਚ ਧਾਰਾ 317(2) ਬੀ.ਐੱਨ.ਐੱਸ. ਦਾ ਵਾਧਾ ਕੀਤਾ ਗਿਆ ਹੈ। ਐੱਸ.ਪੀ. ਹਰਪਿੰਦਰ ਕੌਰ ਗਿੱਲ ਨੇ ਬਰਾਮਦ ਕੀਤਾ ਸਮਾਨ ਬਜ਼ੁਰਗ ਮਹਿਲਾਵਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਵਾਪਸ ਕੀਤਾ। ਸਮਾਨ ਵਾਪਸ ਮਿਲਣ ’ਤੇ ਮਹਿਲਾਵਾਂ ਨੇ ਪੁਲਸ ਅਧਿਕਾਰੀ ਦਾ ਧੰਨਵਾਦ ਕੀਤਾ। ਐੱਸ.ਪੀ. ਗਿੱਲ ਵੱਲੋਂ ਕੀਤੀ ਇਸ ਪਹਿਲ ਦੀ ਸ਼ਹਿਰ ਵਿੱਚ ਚਰਚਾ ਹੋ ਰਹੀ ਹੈ ਅਤੇ ਸ਼ਹਿਰ ਵਾਸੀਆਂ ਵੱਲੋਂ ਇਸ ਕਾਰਜ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਖੰਨਾ ਪੁਲਸ ਵੱਲੋਂ ਲੁੱਟ-ਖੋਹ ਗਿਰੋਹ ਦਾ ਪਰਦਾਫਾਸ਼, ਚਾਰ ਮੈਂਬਰ ਗ੍ਰਿਫ਼ਤਾਰ
ਪੁਲਸ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਵੱਲੋਂ ਲੁੱਟਿਆ ਹੋਇਆ ਸੋਨਾ ਰਮੇਸ਼ ਜਵੈਲਰਜ਼ ਦੇ ਮਾਲਕ ਕਪਿਲ ਕੁਮਾਰ ਅਤੇ ਜਤਿੰਦਰ ਕੁਮਾਰ ਨੂੰ ਵੇਚਿਆ ਗਿਆ
ਮੁੱਖ ਖ਼ਬਰਾਂ
ਨਸ਼ਾਂ ਤਸਕਰਾਂ ਖ਼ਿਲਾਫ਼ ਖੰਨਾ ਪੁਲਿਸ ਦੀ ਵੱਡੀ ਕਾਰਵਾਈ
ਪੁਲਿਸ ਦਾ ਉਦੇਸ਼ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਨੂੰ ਤੋੜਨ ਦੇ ਨਾਲ-ਨਾਲ ਨਸ਼ਾ ਤਸਕਰੀ ਤੋਂ ਹੋਣ ਵਾਲੀ ਗੈਰ-ਕਾਨੂੰਨੀ ਕਮਾਈ ’ਤੇ ਵੀ ਰੋਕ ਲਗਾਉਣਾ
ਨਸ਼ਿਆਂ ਨੂੰ ਨੱਥ ਪਾਉਣ ਦੀ ਮੁਹਿੰਮ ’ਚ ਖੰਨਾ ਪੁਲਸ ਨੂੰ ਮਿਲੀ ਵੱਡੀ ਸਫਲਤਾ
ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਐਨਡੀਪੀਐਸ ਐਕਟ, ਥਾਣਾ ਦੋਰਾਹਾ ਵਿਖੇ ਦਰਜ ਕੀਤਾ ਗਿਆ
ਖੰਨਾ ਨੇੜੇ ਪਿੰਡ ਰੋਹਣੋਂ ਖੁਰਦ ਵਿੱਚ ਚੋਰਾਂ ਨੇ ਪੰਜ ਮੱਝਾਂ ਕੀਤੀਆਂ ਚੋਰੀ
ਚੋਰਾਂ ਨੇ ਰਾਤ 1 ਵਜੇ ਦੇ ਕਰੀਬ ਘਰ 'ਚ ਵੜ ਕੇ ਵਾਰਦਾਤ ਨੂੰ ਦਿੱਤਾ ਅੰਜਾਮ
ਈਸੜੂ ਸਮਾਗਮ ’ਚ ਪਹਿਲੀ ਵਾਰ ਐੱਫ. ਆਰ. ਐੱਸ. ਦੀ ਵਰਤੋਂ
ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਖ਼ਤਾ ਸੁਰੱਖਿਆ ਪ੍ਰਬੰਧ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਕੀਤੀ ਸ਼ਲਾਘਾ
ਖੰਨਾ ਪੁਲਿਸ ਨੇ ਫੜਿਆ ਸ਼ੱਕੀ ਸਨੈਚਰ
ਸਮਾਗਮ ਵਾਲੀ ਥਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਸਨ। ਹਾਈਟੈੱਕ ਵੈਨ ਰਾਹੀਂ ਲਾਈਵ ਕੈਮਰਾ ਫੀਡ ਅਤੇ ਸੀ. ਸੀ. ਟੀ. ਵੀ. ਫੁਟੇਜ ਤੋਂ ਲੋਕਾਂ ਦੇ ਚਿਹਰਿਆਂ ਦੀ ਲਗਾਤਾਰ ਸਕੈਨਿੰਗ ਕੀਤੀ ਗਈ।